India

PM ਮੋਦੀ ਦਾ ਦੇਸ਼ ਨੂੰ ਭਾਵੁਕ ਸੰਬੋਧਨ – ਮਾਵਾਂ-ਭੈਣਾਂ ਤੋਂ ਮੰਗੀ ਮੁਆਫ਼ੀ, ਵਿਰੋਧੀਆਂ ਨੂੰ ਦਿੱਤੀ ਚਿਤਾਵਨੀ

ਨਵੀਂ ਦਿੱਲੀ (18 ਅਪ੍ਰੈਲ, 2026): ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ਨੀਵਾਰ ਸ਼ਾਮ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਵਿੱਚ ਮਹਿਲਾ ਰਾਖਵੇਂਕਰਨ ਬਿੱਲ (131ਵੀਂ ਸੰਵਿਧਾਨਕ ਸੋਧ) ਦੇ ਪਾਸ ਨਾ ਹੋਣ ਲਈ ਵਿਰੋਧੀ ਧਿਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਜਦੋਂ ਕੁਝ ਲੋਕਾਂ ਲਈ ‘ਦੇਸ਼ ਹਿੱਤ’ ਨਾਲੋਂ ‘ਪਾਰਟੀ ਹਿੱਤ’ ਵੱਡਾ ਹੋ ਜਾਂਦਾ ਹੈ, ਤਾਂ ਉਸ ਦਾ ਖ਼ਮਿਆਜ਼ਾ ਦੇਸ਼ ਦੀ ਨਾਰੀ ਸ਼ਕਤੀ ਨੂੰ ਭੁਗਤਣਾ ਪੈਂਦਾ ਹੈ।

ਪੀ.ਐਮ. ਦੇ ਸੰਬੋਧਨ ਦੇ ਮੁੱਖ ਅੰਸ਼:

  • ਮਾਵਾਂ-ਭੈਣਾਂ ਤੋਂ ਮੁਆਫ਼ੀ: ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਸਾਰੀਆਂ ਮਾਵਾਂ ਅਤੇ ਭੈਣਾਂ ਤੋਂ ਮੁਆਫ਼ੀ ਮੰਗਦਾ ਹਾਂ ਕਿ ਇਹ ਬਿੱਲ ਪਾਸ ਨਹੀਂ ਹੋ ਸਕਿਆ। ਵਿਰੋਧੀ ਧਿਰ ਨੇ ਮਹਿਲਾਵਾਂ ਦੀ ਉਡਾਣ ਨੂੰ ਰੋਕਣ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਬੇਰਹਿਮੀ ਨਾਲ ਕੁਚਲਣ ਦਾ ਪਾਪ ਕੀਤਾ ਹੈ।”
  • ਵਿਰੋਧੀਆਂ ਨੇ ਮਨਾਇਆ ਜਸ਼ਨ: ਪੀ.ਐਮ. ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੇਖ ਕੇ ਬਹੁਤ ਦੁੱਖ ਹੋਇਆ ਕਿ ਜਦੋਂ ਸੰਸਦ ਵਿੱਚ ਮਹਿਲਾਵਾਂ ਦੇ ਹੱਕਾਂ ਦਾ ਪ੍ਰਸਤਾਵ ਡਿੱਗਿਆ, ਤਾਂ ਕਾਂਗਰਸ, ਟੀ.ਐਮ.ਸੀ., ਡੀ.ਐਮ.ਕੇ. ਅਤੇ ਸਪਾ ਵਰਗੀਆਂ ਪਾਰਟੀਆਂ ਮੇਜ਼ਾਂ ਥਪਥਪਾ ਕੇ ਖੁਸ਼ੀ ਮਨਾ ਰਹੀਆਂ ਸਨ।
  • ਨਾਰੀ ਆਪਣਾ ਅਪਮਾਨ ਨਹੀਂ ਭੁੱਲਦੀ: ਉਨ੍ਹਾਂ ਵਿਰੋਧੀ ਧਿਰ ਨੂੰ ਚਿਤਾਵਨੀ ਦਿੱਤੀ ਕਿ ਔਰਤਾਂ ਸਭ ਕੁਝ ਭੁੱਲ ਸਕਦੀਆਂ ਹਨ, ਪਰ ਆਪਣਾ ਅਪਮਾਨ ਕਦੇ ਨਹੀਂ ਭੁੱਲਦੀਆਂ। ਜਦੋਂ ਇਹ ਆਗੂ ਆਪਣੇ ਖੇਤਰਾਂ ਵਿੱਚ ਜਾਣਗੇ, ਤਾਂ ਮਹਿਲਾਵਾਂ ਉਨ੍ਹਾਂ ਨੂੰ ਯਾਦ ਕਰਵਾਉਣਗੀਆਂ ਕਿ ਉਨ੍ਹਾਂ ਨੇ ਹੀ ਰਾਖਵੇਂਕਰਨ ਨੂੰ ਰੋਕਣ ਦਾ ਜਸ਼ਨ ਮਨਾਇਆ ਸੀ।
  • ਪਾਪ ਦੀ ਸਜ਼ਾ ਮਿਲੇਗੀ: ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ 21ਵੀਂ ਸਦੀ ਦੀ ਨਾਰੀ ਨੂੰ ‘ਫਾਰ ਗ੍ਰਾਂਟਿਡ’ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਨਿਰਮਾਤਾਵਾਂ ਦੀਆਂ ਭਾਵਨਾਵਾਂ ਦਾ ਅਪਮਾਨ ਕਰਨ ਵਾਲਿਆਂ ਨੂੰ ਜਨਤਾ ਵੱਲੋਂ ਦਿੱਤੀ ਜਾਣ ਵਾਲੀ ਸਜ਼ਾ ਤੋਂ ਕੋਈ ਨਹੀਂ ਬਚਾ ਸਕੇਗਾ।
  • ਪਰਿਵਾਰਵਾਦੀ ਪਾਰਟੀਆਂ ਦਾ ਡਰ: ਪੀ.ਐਮ. ਮੋਦੀ ਨੇ ਦੋਸ਼ ਲਾਇਆ ਕਿ ਪਰਿਵਾਰਵਾਦੀ ਪਾਰਟੀਆਂ ਔਰਤਾਂ ਦੇ ਵਧਦੇ ਕੱਦ ਤੋਂ ਡਰਦੀਆਂ ਹਨ। ਉਨ੍ਹਾਂ ਕਿਹਾ ਕਿ ਹਲਕਾਬੰਦੀ (Delimitation) ਨੂੰ ਲੈ ਕੇ ਵਿਰੋਧੀ ਧਿਰ ਲਗਾਤਾਰ ਝੂਠ ਬੋਲ ਰਹੀ ਹੈ ਅਤੇ ਦੇਸ਼ ਵਿੱਚ ਵੰਡ ਦੀ ਅੱਗ ਲਗਾਉਣਾ ਚਾਹੁੰਦੀ ਹੈ।