ਸੀਕਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਸਾਨਾਂ ਦੇ ਖਾਤਿਆਂ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 14ਵੀਂ ਕਿਸ਼ਤ ਭੇਜੀ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (PM-KISAN) ਦੇ ਤਹਿਤ, ਦੇਸ਼ ਵਿੱਚ 8.5 ਕਰੋੜ ਯੋਗ ਕਿਸਾਨਾਂ ਦੇ ਖਾਤਿਆਂ ਵਿੱਚ 17,000 ਕਰੋੜ ਰੁਪਏ ਟਰਾਂਸਫਰ ਕੀਤੇ ਗਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਰਾਜਸਥਾਨ ਦੇ ਸੀਕਰ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ PM-KISAN ਦੀ ਕਿਸ਼ਤ ਜਾਰੀ ਕੀਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1.25 ਲੱਖ ਪ੍ਰਧਾਨ ਮੰਤਰੀ ਕਿਸਾਨ ਸਮਰਿਧੀ ਕੇਂਦਰ (PMKSK) ਨੂੰ ਦੇਸ਼ ਨੂੰ ਸਮਰਪਿਤ ਕੀਤਾ। ਸਰਕਾਰ ਦੇਸ਼ ਵਿੱਚ ਪ੍ਰਚੂਨ ਖਾਦ ਦੀਆਂ ਦੁਕਾਨਾਂ ਨੂੰ ਪੜਾਅਵਾਰ ਪ੍ਰਧਾਨ ਮੰਤਰੀ ਕਿਸਾਨ ਸਮਰਿਧੀ ਕੇਂਦਰ ਵਿੱਚ ਤਬਦੀਲ ਕਰ ਰਹੀ ਹੈ। ਇਹ ਕੇਂਦਰ ਕਿਸਾਨਾਂ ਨੂੰ ਖੇਤੀ ਲਈ ਕੱਚਾ ਮਾਲ, ਮਿੱਟੀ ਪਰਖ, ਬੀਜ ਅਤੇ ਖਾਦ ਮੁਹੱਈਆ ਕਰਵਾਉਣਗੇ।
ਇਸ ਤੋਂ ਇਲਾਵਾ ਸਰਕਾਰੀ ਐਗਰੀਗੇਟਰ ਐਪ ‘ਤੇ 1600 FPO ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਹੁਣ ਤੱਕ, ਨਰਿੰਦਰ ਮੋਦੀ ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਲਾਭਪਾਤਰੀ ਕਿਸਾਨਾਂ ਨੂੰ ਕੁੱਲ 2.50 ਲੱਖ ਕਰੋੜ ਰੁਪਏ ਟਰਾਂਸਫਰ ਕੀਤੇ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਿਸਾਨਾਂ ਨੂੰ ਫਰਵਰੀ 2023 ਵਿੱਚ 13ਵੀਂ ਕਿਸ਼ਤ ਦਾ ਲਾਭ ਮਿਲਿਆ ਸੀ। 5 ਮਹੀਨਿਆਂ ਬਾਅਦ ਕਿਸਾਨਾਂ ਦੇ ਖਾਤੇ ਵਿੱਚ 14ਵੀਂ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ। ਜਦੋਂ ਕਿ 12ਵੀਂ ਕਿਸ਼ਤ ਅਕਤੂਬਰ 2022 ਵਿੱਚ ਜਾਰੀ ਕੀਤੀ ਗਈ ਅਤੇ ਮਈ 2022 ਵਿੱਚ 11ਵੀਂ ਕਿਸ਼ਤ ਦਾ ਲਾਭ ਮਿਲਿਆ ਹੈ।