ਲੰਦਨ: ਬ੍ਰਿਟੇਨ ਵਿੱਚ 14 ਸਾਲਾਂ ਬਾਅਦ ਸੱਤਾ ਵਿੱਚ ਵੱਡਾ ਬਦਲਾਅ ਆਇਆ ਹੈ। ਸ਼ੁੱਕਰਵਾਰ 5 ਜੁਲਾਈ ਨੂੰ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ 14 ਸਾਲਾਂ ਬਾਅਦ ਲੇਬਰ ਪਾਰਟੀ ਤੋਂ ਚੋਣ ਹਾਰ ਗਈ। ਕੁਝ ਘੰਟਿਆਂ ਬਾਅਦ ਭਾਰਤੀ ਮੂਲ ਦੇ ਰਿਸ਼ੀ ਸੁਨਕ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਜਿਸ ਤੋਂ ਬਾਅਦ ਲੇਬਰ ਪਾਰਟੀ ਦੇ 61 ਸਾਲਾ ਕੀਰ ਸਟਾਰਮਰ ਦੇਸ਼ ਦੇ 58ਵੇਂ ਪ੍ਰਧਾਨ ਮੰਤਰੀ ਬਣ ਗਏ ਹਨ।
ਕੀਰ ਸਟਾਰਮਰ ਨੇ ਆਪਣੀ ਕੈਬਨਿਟ ਬਣਾ ਲਈ ਹੈ। ਉਨ੍ਹਾਂ ਨੇ ਇਕ ਇਤਿਹਾਸਕ ਕਦਮ ਚੁੱਕਦੇ ਹੋਏ ਰੇਚਲ ਰੀਵਜ਼ ਨੂੰ ਵਿੱਤ ਮੰਤਰੀ ਬਣਾਇਆ ਹੈ। ਇਹ ਅਹੁਦਾ ਹਾਸਲ ਕਰਨ ਵਾਲੀ ਉਹ ਪਹਿਲੀ ਮਹਿਲਾ ਹਨ। ਰੀਵਜ਼ ਦੀ ਉਮਰ 45 ਸਾਲ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬੈਂਕਿੰਗ ਖੇਤਰ ਤੋਂ ਕੀਤੀ ਸੀ। ਇਸ ਤੋਂ ਇਲਾਵਾ ਐਂਜੇਲਾ ਰੇਨਰ ਨੂੰ ਉਪ ਪ੍ਰਧਾਨ ਮੰਤਰੀ ਦਾ ਅਹੁਦਾ ਮਿਲਿਆ ਹੈ। ਰੇਨਰ ਨੂੰ ਸਮਾਨਤਾ, ਰਿਹਾਇਸ਼ ਅਤੇ ਭਾਈਚਾਰਿਆਂ ਦੇ ਮੰਤਰੀ ਦਾ ਵੀ ਚਾਰਜ ਦਿੱਤਾ ਗਿਆ ਹੈ।
The Rt Hon Angela Rayner MP @AngelaRayner has been appointed Secretary of State for Levelling Up, Housing and Communities @luhc.
She will also be Deputy Prime Minister.#Reshuffle pic.twitter.com/tFkwgzCE5e
— UK Prime Minister (@10DowningStreet) July 5, 2024
ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਹਾਰ ਮੰਨ ਕੇ ਪਾਰਟੀ ਤੋਂ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਨੇ ਸਟਾਰਮਰ ਨੂੰ ਵੀ ਫੋਨ ਕੀਤਾ ਅਤੇ ਸ਼ਾਨਦਾਰ ਜਿੱਤ ’ਤੇ ਵਧਾਈ ਦਿੱਤੀ। ਆਮ ਚੋਣਾਂ ਵਿੱਚ ਲੇਬਰ ਪਾਰਟੀ ਨੂੰ ਬੰਪਰ ਜਿੱਤ ਮਿਲੀ ਹੈ। ਪਾਰਟੀ ਨੇ ਕੁੱਲ 650 ਵਿੱਚੋਂ 412 ਸੀਟਾਂ ਜਿੱਤੀਆਂ ਹਨ। 2 ਸੀਟਾਂ ਦੇ ਨਤੀਜੇ ਅੱਜ ਸ਼ਨੀਵਾਰ ਨੂੰ ਆਉਣਗੇ।
ਦੂਜੇ ਪਾਸੇ ਕੰਜ਼ਰਵੇਟਿਵ 120 ਸੀਟਾਂ ’ਤੇ ਸਿਮਟ ਗਈ। ਪਿਛਲੇ 200 ਸਾਲਾਂ ਵਿੱਚ ਕੰਜ਼ਰਵੇਟਿਵ ਪਾਰਟੀ ਦੀ ਇਹ ਸਭ ਤੋਂ ਵੱਡੀ ਹਾਰ ਹੈ। ਬ੍ਰਿਟੇਨ ਵਿੱਚ ਸਰਕਾਰ ਬਣਾਉਣ ਲਈ 326 ਸੀਟਾਂ ਦੀ ਲੋੜ ਹੁੰਦੀ ਹੈ।