‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵਿੱਟਰ ਅਕਾਊਂਟ ਸ਼ਨੀਵਾਰ ਦੇਰ ਰਾਤ ਕੁੱਝ ਸਮੇਂ ਲਈ ਹੈਕ ਹੋ ਗਿਆ ਸੀ, ਜਿਸਦੀ ਜਾਣਕਾਰੀ PMO ਵੱਲੋਂ ਟਵੀਟ ਕਰ ਕੇ ਦਿੱਤੀ ਗਈ। ਉਨ੍ਹਾਂ ਦੇ ਅਕਾਊਂਟ ਤੋਂ ਬਿਟਕੋਇਨ ਨੂੰ ਕਾਨੂੰਨੀ ਬਣਾਉਣ ਲਈ ਟਵੀਟ ਕੀਤਾ ਗਿਆ ਸੀ । ਜਿਸ ਵਿੱਚ ਇੱਕ ਲਿੰਕ ਵੀ ਸ਼ੇਅਰ ਕੀਤਾ ਗਿਆ ਸੀ, ਜਿਸ ‘ਤੇ ਲੋਕਾਂ ਨੂੰ ਮੁਫਤ ਬਿਟਕੋਇਨ ਦਾ ਦਾਅਵਾ ਕਰਨ ਲਈ ਕਿਹਾ ਗਿਆ ਸੀ।
ਪੀਐੱਮ ਮੋਦੀ ਦਾ ਟਵਿੱਟਰ ਅਕਾਊਂਟ ਹੈਕ ਹੋਣ ‘ਤੇ ਹੁਣ ਟਵਿੱਟਰ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਟਵਿੱਟਰ ਨੇ ਕਿਹਾ ਹੈ ਕਿ ਜਿਵੇਂ ਹੀ ਸਾਨੂੰ ਪੀਐੱਮ ਮੋਦੀ ਦਾ ਅਕਾਊਂਟ ਹੈਕ ਹੋਣ ਦੀ ਜਾਣਕਾਰੀ ਮਿਲੀ ਅਸੀਂ ਤੁਰੰਤ ਐਕਟਿਵ ਹੋ ਗਏ। ਟਵਿੱਟਰ ਇੰਡੀਆ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਹੁਣ ਤੱਕ ਦੀ ਸਾਡੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਹੁਣ ਤੱਕ ਕਿਸੇ ਹੋਰ ਖਾਤੇ ਦੇ ਪ੍ਰਭਾਵਿਤ ਹੋਣ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ।
ਇਸ ਸਬੰਧੀ ਟਵਿੱਟਰ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਲਗਾਤਾਰ ਪ੍ਰਧਾਨ ਮੰਤਰੀ ਦਫਤਰ ਦੇ ਸੰਪਰਕ ਵਿੱਚ ਹਾਂ। ਸਾਡੇ ਕੋਲ ਪ੍ਰਧਾਨ ਮੰਤਰੀ ਦਫ਼ਤਰ ਨਾਲ ਕਮਿਊਨੀਕੇਸ਼ਨ ਲਈ 24X7 ਲਾਈਨਾਂ ਖੁੱਲ੍ਹੀਆਂ ਹਨ । ਜਿਵੇਂ ਹੀ ਸਾਨੂੰ ਇਸ ਹੈਕਿੰਗ ਗਤੀਵਿਧੀ ਬਾਰੇ ਪਤਾ ਲੱਗਿਆ, ਸਾਡੀ ਟੀਮ ਨੇ ਪ੍ਰਭਾਵਿਤ ਅਕਾਊਂਟ ਨੂੰ ਸੁਰੱਖਿਅਤ ਕਰਨ ਲਈ ਤੁਰੰਤ ਜ਼ਰੂਰੀ ਕਦਮ ਚੁੱਕੇ । ਟਵਿੱਟਰ ਨੇ ਕਿਹਾ ਕਿ ਹੁਣ ਤੱਕ ਦੀ ਸਾਡੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਹੁਣ ਤੱਕ ਕਿਸੇ ਹੋਰ ਖਾਤੇ ਦੇ ਪ੍ਰਭਾਵਿਤ ਹੋਣ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਧਿਕਾਰਤ ਟਵਿਟਰ ਹੈਂਡਲ ਸ਼ਨੀਵਾਰ ਦੇਰ ਰਾਤ ਹੈਕ ਹੋ ਗਿਆ ਸੀ। ਰਾਤ 2:11 ਵਜੇ ਇਸ ਤੋਂ ਇੱਕ ਟਵੀਟ ਕੀਤਾ ਗਿਆ ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ‘ਭਾਰਤ ਨੇ ਅਧਿਕਾਰਤ ਤੌਰ ‘ਤੇ ਬਿਟਕੁਆਇਨ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਹੈ ਅਤੇ ਸਰਕਾਰ ਵੀ 500 ਬਿਟਕੁਆਇਨ ਖਰੀਦ ਕੇ ਲੋਕਾਂ ਨੂੰ ਵੰਡ ਰਹੀ ਹੈ।’ ਦੋ ਮਿੰਟ ਬਾਅਦ, ਇਸ ਟਵੀਟ ਨੂੰ ਤੁਰੰਤ ਡਿਲੀਟ ਕਰ ਦਿੱਤਾ ਗਿਆ ਅਤੇ ਫਿਰ ਰਾਤ 2.14 ਵਜੇ ਅਜਿਹਾ ਹੀ ਇੱਕ ਹੋਰ ਟਵੀਟ ਕੀਤਾ ਗਿਆ। ਕੁਝ ਸਮੇਂ ਬਾਅਦ ਉਹ ਟਵੀਟ ਵੀ ਡਿਲੀਟ ਕਰ ਦਿੱਤਾ ਗਿਆ ਪਰ ਉਦੋਂ ਤੱਕ ਸਕਰੀਨਸ਼ਾਟ ਵਾਇਰਲ ਹੋ ਚੁੱਕੇ ਸਨ।