India

ਕੋਰੋਨਾ ਦੇ ਇਲਾਜ਼ ਲਈ ਪਲਾਜ਼ਮਾ ਥੈਰੇਪੀ ਨੂੰ ਕਿਉਂ ਕਰ ਦਿੱਤਾ ਲਿਸਟ ਤੋਂ ਬਾਹਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਰੋਨਾ ਦੇ ਇਲਾਜ ਲਈ ਵਰਤੀ ਜਾਂਦੀ ਪਲਾਜ਼ਮਾ ਥੈਰੇਪੀ ਨੂੰ ਹੁਣ ਇਸ ਲਾਗ ਦੇ ਇਲਾਜ ਦੀ ਲਿਸਟ ‘ਚੋਂ ਹਟਾ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਇੰਡੀਅਨ ਕਾਉਂਸਿਲ ਆਫ ਮੈਡੀਕਲ ਰਿਸਰਚ ਯਾਨੀ ਕਿ ਆਈਸੀਐੱਮਆਰ ਨੇ ਇਸ ਦੀਆਂ ਗਾਇਡਲਾਇਨਜ਼ ਵਿਚ ਕੁੱਝ ਬਦਲਾਅ ਵੀ ਕੀਤਾ ਗਿਆ ਹੈ। ਆਈਸੀਐੱਮਆਰ ਦੇ ਅਨੁਸਾਰ ਨੈਸ਼ਨਲ ਟਾਸਕ ਫੋਰਸ ਅਤੇ ਸਿਹਤ ਮੰਤਰਾਲੇ ਦੇ ਮਾਹਿਰ ਕੋਰੋਨਾ ਦੀ ਬਿਮਾਰੀ ਦੇ ਇਲਾਜ ਨਾਲ ਜੁੜੀਆਂ ਗਾਇਡਲਾਇਨਜ਼ ਨੂੰ ਸਮੇਂ ਸਮੇਂ ਉੱਤੇ ਅਪਡੇਟ ਕਰਦੇ ਰਹਿੰਦੇ ਹਨ। ਆਈਸੀਐੱਮਆਰ ਨੇ ਕਿਹਾ ਹੈ ਕਿ ਪਲਾਜ਼ਮਾ ਥੈਰੇਪੀ ਨਾਲ ਕੋਰੋਨਾ ਮਰੀਜ਼ਾਂ ਦੇ ਇਲਾਜ਼ ਨਾਲ ਹਾਲਤ ਵਿਚ ਸੁਧਾਰ ਹੋਣ ਦੇ ਕੁਈ ਬਿਹਤਰ ਸਬੂਤ ਨਹੀਂ ਮਿਲੇ ਹਨ।

ਦੱਸ ਦਈਏ ਕਿ ਹਾਇਡ੍ਰੋਕਸੀਕਲੋਰੋਕ੍ਵੀਨ ਅਤੇ ਆਇਵਰਮੇਕਟਿਨ ਹਾਲੇ ਵੀ ਲਿਸਟ ਵਿੱਚ ਹਨ। ਆਈਸੀਐੱਮਆਰ ਨੇ 400 ਮਰੀਜ਼ਾਂ ‘ਤੇ ਪਲਾਜ਼ਮਾ ਥੈਰੇਪੀ ਦਾ ਟ੍ਰਾਇਲ ਕੀਤਾ ਸੀ, ਜਿਸ ਨਾਲ ਕੋਈ ਖਾਸ ਫਾਇਦਾ ਸਾਹਮਣੇ ਨਹੀਂ ਆਇਆ ਹੈ। ਅੰਤਰਰਾਸ਼ਟਰੀ ਪੱਧਰ ‘ਤੇ ਵੀ ਇਸ ਬਿਮਾਰੀ ਨਾਲ ਕੋਈ ਨਜਿੱਠਣ ਲਈ ਪਲਾਜ਼ਮਾ ਥੈਰੇਪੀ ਕਾਰਗਰ ਸਾਬਿਤ ਨਹੀਂ ਹੋਈ ਹੈ। ਇਸ ਬਾਰੇ ਮਸ਼ਹੂਰ ਮੈਡਿਕਲ ਜਰਨਲ ਲੈਂਸੇਟ ਵਿੱਚ ਕਰੀਬ 5000 ਮਰੀਜ਼ਾਂ ‘ਤੇ ਕੀਤੇ ਗਏ ਰਿਸਰਚ ਤੋਂ ਬਾਅਦ ਇਕ ਰਿਪੋਰਟ ਵੀ ਛਾਪੀ ਗਈ ਸੀ। ਜਿਸ ਵਿੱਚ ਕਿਹਾ ਗਿਆ ਹੈ ਕਿ ਪਲਾਜ਼ਮਾ ਥੈਰੇਪੀ ਕੋਵਿਡ-19 ਦੇ ਇਲਾਜ਼ ਲਈ ਕਾਰਗਰ ਨਹੀਂ ਹੈ।

ਇਸ ਤਰ੍ਹਾਂ ਹੁੰਦੀ ਹੈ ਪਲਾਜ਼ਮਾ ਥੈਰੇਪੀ

ਪਲਾਜ਼ਮਾ ਥੈਰੇਪੀ ਦੇ ਇਲਾਜ਼ ਅਨੁਸਾਰ ਜਿਹੜੇ ਮਰੀਜ਼ ਕਿਸੀ ਲਾਗ ਤੋਂ ਠੀਕ ਹੋ ਜਾਂਦੇ ਹਨ ਤਾਂ ਉਨ੍ਹਾਂ ਦੇ ਸ਼ਰੀਰ ਵਿਚ ਲਾਗ ਨੂੰ ਬੇਅਸਰ ਕਰਨ ਵਾਲੇ ਐਂਟੀਬਾਡੀਜ਼ ਵਿਕਸਿਤ ਹੋ ਜਾਂਦੇ ਹਨ। ਇਨ੍ਹਾਂ ਦੀ ਮਦਦ ਨਾਲ ਕੋਵਿਡ-19 ਰੋਗੀ ਦੇ ਖੂਨ ਵਿੱਚ ਮੌਜੂਦ ਵਾਇਰਸ ਨੂੰ ਖਤਮ ਕੀਤਾ ਜਾ ਸਕਦਾ ਹੈ।

ਹਾਲਾਂਕਿ ਕਿਸੇ ਮਰੀਜ਼ ਦੇ ਸ਼ਰੀਰ ਚੋਂ ਐਂਟੀਬਾਡੀਜ਼ ਉਸਦੇ ਠੀਕ ਹੋਣ ਤੋਂ ਦੋ ਹਫਤੇ ਬਾਅਦ ਹੀ ਲਏ ਜਾ ਸਕਦੇ ਹਨ ਅਤੇ ਰੋਗੀ ਦਾ ਕੋਵਿਡ-19 ਦਾ ਇਕ ਵਾਰ ਨਹੀਂ ਸਗੋਂ ਦੋ ਵਾਰ ਟੈਸਟ ਕੀਤਾ ਜਾਣਾ ਚਾਹੀਦਾ ਹੈ। ਠੀਕ ਹੋ ਚੁੱਕੇ ਮਰੀਜ਼ ਦਾ ਏਲਿਜ਼ਾ (ਇੰਜ਼ਾਇਮ ਲਿੰਕਡ ਇਮਿਊਨੋਸਾਰਬੇਂਟ ਏਸੇ) ਟੇਸਟ ਕੀਤਾ ਜਾ ਸਕਦਾ ਹੈ, ਜਿਸਦੇ ਸ਼ਰੀਰ ਵਿੱਚ ਐਂਟੀਬਾਡੀਜ਼ ਦੀ ਮਾਤਰਾ ਦਾ ਪਤਾ ਲੱਗਦਾ ਹੈ। ਪਰ ਠੀਕ ਹੋ ਚੁੱਕੇ ਮਰੀਜ਼ ਦੇ ਸ਼ਰੀਰ ਤੋਂ ਖੂਨ ਲੈਣ ਤੋਂ ਪਹਿਲਾਂ ਮਾਪਦੰਡਾਂ ਦੇ ਤਹਿਤ ਉਸਦੀ ਸ਼ੁੱਧਤਾ ਦੀ ਵੀ ਜਾਂਚ ਕੀਤੀ ਜਾਂਦੀ ਹੈ।