‘ਦ ਖ਼ਾਲਸ ਬਿਊਰੋ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਕਾਪੀਰਾਈਟ ਲਾਇਸੈਂਸ ਤੋਂ ਬਿਨਾਂ ਗਾਣੇ ਚਲਾਉਣਾ ਜ਼ੁਰਮ ਹੈ। ਜਸਟਿਸ ਰਾਜ ਮੋਹਨ ਸਿੰਘ ਨੇ ਇਹ ਫੈਸਲਾ ਸੁਣਾਇਆ ਹੈ। ਜੱਜ ਨੇ ਕਿਹਾ ਕਿ ਲਾਇਸੈਂਸ ਤੋਂ ਬਿਨਾਂ ਗਾਣਾ ਚਲਾਉਣਾ ਕਾਪੀਰਾਈਟ ਐਕਟ ਦੀ ਉਲੰਘਣਾ ਹੈ। ਅੱਜ ਤੋਂ ਬਾਅਦ ਜਿਸ ਡੀਜੇ ਵਾਲੇ ਕੋਲ ਕਾਪੀਰਾਈਟ ਲਾਇਸੈਂਸ ਹੋਵੇਗਾ, ਉਹੀ ਲੋਕਾਂ ਦੀ ਪਸੰਦ ਮੁਤਾਬਕ ਗਾਣੇ ਚਲਾ ਸਕੇਗਾ। ਦਰਅਸਲ, ਇੱਕ ਕੰਪਨੀ ਨੇ ਹਾਈਕੋਰਟ ਵਿੱਚ ਪਟੀਸ਼ਨ ਪਾਈ ਸੀ ਜਿਸ ਉੱਤੇ ਹਾਈਕੋਰਟ ਨੇ ਸੁਣਵਾਈ ਕਰਦਿਆਂ ਕਾਪੀਰਾਈਟ ਰਜਿਸਟਰਾਰ ਦੇ ਉਸ ਨੋਟਿਸ ਨੂੰ ਰੱਦ ਕਰ ਦਿੱਤਾ ਹੈ ਜਿਸ ਵਿੱਚ ਰਜਿਸਟਰਾਰ ਨੇ ਜਨਤਕ ਗਾਣੇ ਗਾਉਣ ਦੀ ਇਜ਼ਾਜਤ ਦਿੱਤੀ ਹੋਈ ਸੀ। ਇਸਦਾ ਅਸਰ ਇਹ ਵੀ ਹੋ ਸਕਦਾ ਹੈ ਕਿ ਭਵਿੱਖ ਵਿੱਚ ਸ਼ਾਇਦ ਡੀਜੇ ਬੁਕਿੰਗ ਦੇ ਪੈਸੇ ਦੁੱਗਣੇ ਹੋ ਜਾਣ।
ਇੱਕ ਡੀਜੇ ਸੰਚਾਲਕ ਨੇ ਹਾਈਕੋਰਟ ਦੇ ਇਸ ਫੈਸਲੇ ਬਾਰੇ ਬੋਲਦਿਆਂ ਕਿਹਾ ਕਿ ਗਾਣਿਆਂ ਦੇ ਲਈ ਲਾਇਸੈਂਸ ਲੈਣਾ ਬਣਦਾ ਤਾਂ ਨਹੀਂ। ਚਾਹੀਦਾ ਤਾਂ ਇੱਦਾਂ ਹੈ ਕਿ ਸਾਰੀਆਂ ਕੰਪਨੀਆਂ ਇਕੱਠੀਆਂ ਹੋ ਕੇ ਸਿਰਫ਼ ਇੱਕੋ ਲਾਇਸੈਂਸ ਜਾਰੀ ਕਰਨ। ਵੱਖ ਵੱਖ ਕੰਪਨੀਆਂ ਤੋਂ ਲਾਇਸੈਂਸ ਨਾ ਲੈਣਾ ਪਵੇ ਕਿਉਂਕਿ ਇਸ ਤਰ੍ਹਾਂ ਤਾਂ ਡੀਜੇ ਵਾਲੇ ਲਾਇਸੈਂਸ ਖਰੀਦਣ ਉੱਤੇ ਹੀ ਰਹਿ ਜਾਣ। ਉਨ੍ਹਾਂ ਨੇ ਕਿਹਾ ਕਿ ਇਸ ਫੈਸਲੇ ਤੋਂ ਬਾਅਦ ਡੀਜੇ ਬੁਕਿੰਗ ਵੀ ਮਹਿੰਗੀ ਹੋ ਜਾਵੇਗੀ।