ਚੰਡੀਗੜ੍ਹ : ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੇ ਲੁਧਿਆਣਾ ਅਤੇ ਮੋਹਾਲੀ ਦੇ ਵਪਾਰੀਆਂ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ 5 ਗਿਰੋਹ ਦੇ ਮੈਂਬਰਾਂ ਨੂੰ ਦੋ ਨਜਾਇਜ਼ ਪਿਸਤੌਲਾਂ ਅਤੇ 8 ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਮੁਲਜ਼ਮਾਂ ਦੀ ਪਛਾਣ ਨਰਿੰਦਰ ਸਿੰਘ ਉਰਫ਼ ਨਿੰਦੀ, ਕੁਲਵੰਤ ਸਿੰਘ ਉਰਫ਼ ਗੁੱਡੂ ਦੋਵੇਂ ਵਾਸੀ ਰੋਪੜ, ਅਮਰਿੰਦਰ ਸਿੰਘ ਉਰਫ਼ ਕੈਪਟਨ ਚੰਡੀਗੜ੍ਹ, ਲਵੀਸ਼ ਕੁਮਾਰ ਉਰਫ਼ ਲਵੀ ਵਾਸੀ ਲੁਧਿਆਣਾ ਅਤੇ ਪਰਮ ਪ੍ਰਤਾਪ ਸਿੰਘ ਵਾਸੀ ਫ਼ਾਜ਼ਿਲਕਾ ਵਜੋਂ ਹੋਈ ਹੈ। ਇਸ ਦੇ ਨਾਲ ਹੀ ਇਕ ਮੁਲਜ਼ਮ ਯਾਦਵਿੰਦਰ ਸਿੰਘ ਵਾਸੀ ਕਰਨਾਲ ਦੀ ਗ੍ਰਿਫ਼ਤਾਰੀ ਬਾਕੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ‘ਚ ਕਈ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ।
ਐਸਐਸਪੀ ਸੰਦੀਪ ਗਰਗ ਨੇ ਦੱਸਿਆ ਕਿ 28 ਜੁਲਾਈ ਨੂੰ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਨਰਿੰਦਰ ਸਿੰਘ ਉਰਫ਼ ਨਿੰਦੀ ਕੋਲ ਨਾਜਾਇਜ਼ ਪਿਸਤੌਲ ਹੈ ਅਤੇ ਉਹ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਹੈ। ਇਸ ’ਤੇ ਤੁਰੰਤ ਥਾਣਾ ਫ਼ੇਜ਼-1 ਵਿੱਚ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ। ਕਾਰਵਾਈ ਕਰਦੇ ਹੋਏ ਦੋਸ਼ੀ ਨਰਿੰਦਰ ਸਿੰਘ ਨੂੰ ਪਿਸਤੌਲ ਸਮੇਤ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਖ਼ੁਲਾਸਾ ਹੋਇਆ ਕਿ ਮੁਲਜ਼ਮਾਂ ਨੇ ਇਹ ਪਿਸਤੌਲ ਉੱਤਰ ਪ੍ਰਦੇਸ਼ ਦੇ ਮੁਸਰ ਸ਼ਹਿਰ ਤੋਂ 10 ਹਜ਼ਾਰ ਰੁਪਏ ਵਿੱਚ ਖ਼ਰੀਦਿਆ ਸੀ।
ਮਾਮਲੇ ਦੀ ਅਗਲੇਰੀ ਕਾਰਵਾਈ ਕਰਦੇ ਹੋਏ ਥਾਣਾ ਫ਼ੇਜ਼-1 ਦੇ ਐਸਐਚਓ ਰਜਨੀਸ਼ ਸਿੰਘ ਨੇ ਮੁਲਜ਼ਮ ਨਰਿੰਦਰ ਸਿੰਘ ਤੋਂ ਪੁੱਛਗਿੱਛ ਕੀਤੀ। ਇਸ ਵਿੱਚ ਉਸ ਨੇ ਕਬੂਲ ਕੀਤਾ ਕਿ ਉਸ ਨੇ ਦੂਜਾ ਪਿਸਤੌਲ ਉਸ ਦੇ ਪਿੰਡ ਦੇ ਹੀ ਕੁਲਵੰਤ ਸਿੰਘ ਤੋਂ ਲਿਆ ਸੀ। ਮਾਮਲੇ ‘ਚ ਨਾਮਜ਼ਦ ਕੀਤੇ ਜਾਣ ‘ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਦੇ ਕਬਜ਼ੇ ਵਿੱਚੋਂ ਇੱਕ ਦੇਸੀ ਪਿਸਤੌਲ ਸਮੇਤ ਛੇ ਕਾਰਤੂਸ ਬਰਾਮਦ ਹੋਏ ਹਨ। ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਉਸ ਦੇ ਸਬੰਧ ਅੱਤਵਾਦੀ ਸੰਗਠਨ ਬੱਬਰ ਖ਼ਾਲਸਾ ਨਾਲ ਹਨ।
ਮੁਲਜ਼ਮ ਕੁਲਵੰਤ ਸਿੰਘ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਇਹ ਪਿਸਤੌਲ ਉਸ ਨੇ ਅਮਰਿੰਦਰ ਸਿੰਘ ਉਰਫ਼ ਕੈਪਟਨ ਤੋਂ ਲਿਆ ਸੀ। ਉਸ ਨੇ ਇਹ ਵੀ ਦੱਸਿਆ ਕਿ ਉਸ ਨੇ ਅਮਰਿੰਦਰ ਸਿੰਘ ਉਰਫ਼ ਕੈਪਟਨ, ਲਵੀਸ਼ ਕੁਮਾਰ ਉਰਫ਼ ਲਵੀ ਅਤੇ ਨਰਿੰਦਰ ਸਿੰਘ ਉਰਫ਼ ਨਿੰਦੀ ਨਾਲ ਮਿਲ ਕੇ ਲੁਧਿਆਣਾ ਅਤੇ ਮੋਹਾਲੀ ਦੇ ਵੱਡੇ ਕਾਰੋਬਾਰੀਆਂ ਨੂੰ ਲੁੱਟਣਾ ਸੀ। ਇਸ ਦੇ ਲਈ ਲਵੀਸ਼ ਕੁਮਾਰ ਅਤੇ ਨਰਿੰਦਰ ਸਿੰਘ ਵੀ ਰੇਕੀ ਕਰ ਰਹੇ ਸਨ।
ਪੁੱਛਗਿੱਛ ਦੇ ਆਧਾਰ ‘ਤੇ ਅਮਰਿੰਦਰ ਸਿੰਘ ਉਰਫ਼ ਕੈਪਟਨ ਅਤੇ ਲਵੀਸ਼ ਕੁਮਾਰ ਨੂੰ ਨਾਮਜ਼ਦ ਕਰਕੇ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਅਮਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਸਮੇਂ ਉਸ ਦੇ ਸਹਿ-ਮੁਲਜ਼ਮ ਪਰਮ ਪ੍ਰਤਾਪ ਸਿੰਘ ਨੇ ਅਮਰਿੰਦਰ ਸਿੰਘ ਉਰਫ਼ ਕੈਪਟਨ ਨੂੰ ਗ੍ਰਿਫ਼ਤਾਰ ਕਰਦੇ ਹੋਏ ਪੁਲਿਸ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਵੀ ਮੌਕੇ ‘ਤੇ ਨਾਮਜ਼ਦ ਕਰਕੇ ਮਾਮਲੇ ‘ਚ ਗ੍ਰਿਫ਼ਤਾਰ ਕਰ ਲਿਆ ਗਿਆ।
ਪੁੱਛਗਿੱਛ ਦੌਰਾਨ ਅਮਰਿੰਦਰ ਸਿੰਘ ਉਰਫ਼ ਕੈਪਟਨ ਨੇ ਕਬੂਲ ਕੀਤਾ ਕਿ ਉਸ ਨੇ 2021 ਵਿੱਚ ਇੰਦੌਰ ਤੋਂ 55,000 ਰੁਪਏ ਵਿੱਚ ਦੋ ਪਿਸਤੌਲ ਅਤੇ 9 ਕਾਰਤੂਸ ਖ਼ਰੀਦੇ ਸਨ। ਇਨ੍ਹਾਂ ਵਿੱਚੋਂ ਇੱਕ ਪਿਸਤੌਲ ਅਤੇ ਦੋ ਕਾਰਤੂਸ ਕੁਲਵੰਤ ਸਿੰਘ ਨੂੰ ਦਿੱਤੇ ਗਏ। ਇਸ ਦੇ ਨਾਲ ਹੀ ਯਾਦਵਿੰਦਰ ਸਿੰਘ ਨੂੰ ਇੱਕ ਪਿਸਤੌਲ ਅਤੇ ਸੱਤ ਕਾਰਤੂਸ ਵੀ ਦਿੱਤੇ। ਯਾਦਵਿੰਦਰ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ, ਉਸ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ।