International

ਦੱਖਣੀ ਕੋਰੀਆ ‘ਚ ਜਹਾਜ਼ ਹਾਦਸਾਗ੍ਰਸਤ, 179 ਯਾਤਰੀਆਂ ਦੀ ਮੌਤ: ਲੈਂਡਿੰਗ ਦੌਰਾਨ ਨਹੀਂ ਖੁੱਲ੍ਹੇ ਪਹੀਏ

South Korea Plane Crash : ਦੱਖਣੀ ਕੋਰੀਆ ਵਿੱਚ ਇੱਕ ਵੱਡਾ ਜਹਾਜ਼ ਹਾਦਸਾ ਵਾਪਰ ਗਿਆ ਹੈ। ਮੁਆਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 181 ਲੋਕਾਂ ਨੂੰ ਲੈ ਕੇ ਜਾ ਰਿਹਾ ਬੋਇੰਗ 737-800 ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ 179 ਲੋਕਾਂ ਦੀ ਮੌਤ ਹੋ ਗਈ ਸੀ। ਹਾਲਾਂਕਿ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਹਾਦਸੇ ਦੇ ਸਮੇਂ ਜਹਾਜ਼ ‘ਚ ਚਾਲਕ ਦਲ ਦੇ 6 ਮੈਂਬਰ ਅਤੇ 175 ਯਾਤਰੀ ਸਵਾਰ ਸਨ। ਯੋਨਹਾਪ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਲੈਂਡਿੰਗ ਦੌਰਾਨ ਜਹਾਜ਼ ਰਨਵੇ ਤੋਂ ਫਿਸਲ ਗਿਆ ਅਤੇ ਚਾਰਦੀਵਾਰੀ ਨਾਲ ਟਕਰਾ ਗਿਆ।

ਸਾਰੀਆਂ ਲਾਸ਼ਾਂ ਨੂੰ ਜਹਾਜ਼ ਤੋਂ ਬਾਹਰ ਕੱਢ ਲਿਆ ਗਿਆ ਹੈ। ਮਰਨ ਵਾਲਿਆਂ ਵਿੱਚ 84 ਪੁਰਸ਼ ਅਤੇ 85 ਔਰਤਾਂ ਸਨ। ਅਜੇ ਤੱਕ 10 ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ।

ਇਹ ਹਾਦਸਾ ਐਤਵਾਰ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 5:37 ਵਜੇ (ਸਥਾਨਕ ਸਮੇਂ ਅਨੁਸਾਰ ਸਵੇਰੇ 9:07 ਵਜੇ) ਵਾਪਰਿਆ। ਥਾਈਲੈਂਡ ਦੀ ਰਾਜਧਾਨੀ ਬੈਂਕਾਕ ਤੋਂ ਆ ਰਿਹਾ ਇਹ ਜਹਾਜ਼ ਏਅਰਪੋਰਟ ‘ਤੇ ਲੈਂਡ ਕਰਨ ਵਾਲਾ ਸੀ ਪਰ ਲੈਂਡਿੰਗ ਗੀਅਰ ‘ਚ ਖਰਾਬੀ ਕਾਰਨ ਜਹਾਜ਼ ਦੇ ਪਹੀਏ ਨਹੀਂ ਖੁੱਲ੍ਹੇ।

ਜਹਾਜ਼ ਦੀ ਬੇਲੀ ਲੈਂਡਿੰਗ ਐਮਰਜੈਂਸੀ ਵਿੱਚ ਕੀਤੀ ਗਈ। ਇਸ ‘ਚ ਜਹਾਜ਼ ਦੀ ਬਾਡੀ ਸਿੱਧੇ ਰਨਵੇ ਨਾਲ ਟਕਰਾ ਜਾਂਦੀ ਹੈ। ਇਸ ਦੌਰਾਨ ਜਹਾਜ਼ ਰਨਵੇ ‘ਤੇ ਫਿਸਲ ਗਿਆ ਅਤੇ ਹਵਾਈ ਅੱਡੇ ਦੀ ਚਾਰਦੀਵਾਰੀ ਨਾਲ ਟਕਰਾ ਗਿਆ। ਧਮਾਕੇ ਨਾਲ ਇਸ ਨੂੰ ਅੱਗ ਲੱਗ ਗਈ।

ਇੱਥੇ ਰਾਇਟਰਜ਼ ਨੇ ਦੱਸਿਆ ਹੈ ਕਿ ਹਾਦਸੇ ਤੋਂ ਪਹਿਲਾਂ ਮੁਆਨ ਹਵਾਈ ਅੱਡੇ ਦੇ ਏਅਰ ਟ੍ਰੈਫਿਕ ਕੰਟਰੋਲਰ (ਏ.ਟੀ.ਸੀ.) ਤੋਂ ਜਹਾਜ਼ ਨਾਲ ਪੰਛੀਆਂ ਦੇ ਟਕਰਾਉਣ ਬਾਰੇ ਅਲਰਟ ਭੇਜਿਆ ਗਿਆ ਸੀ। ਇਹ ਵੀ ਜਹਾਜ਼ ਦੇ ਲੈਂਡਿੰਗ ਗੀਅਰ ‘ਚ ਖਰਾਬੀ ਦਾ ਕਾਰਨ ਹੋ ਸਕਦਾ ਹੈ।