ਹਰਿਆਣਾ : ਸ਼ਹਿਰ ਵਿੱਚ ਕੁੱਤਿਆਂ ਦਾ ਕਹਿਰ ਵਧਦਾ ਜਾ ਰਿਹਾ ਹੈ। ਇਹ ਕੁੱਤੇ ਕਿਸੇ ਨਾ ਕਿਸੇ ਨੂੰ ਆਪਣਾ ਸ਼ਿਕਾਰ ਬਣਾਉਂਦੇ ਰਹਿੰਦੇ ਹਨ। ਤਾਜ਼ਾ ਮਾਮਲਾ ਅੰਬਾਲਾ ਛਾਉਣੀ ਦਾ ਹੈ, ਜਿੱਥੇ ਪਿਟਬੁੱਲ ਵੱਲੋਂ 4 ਸਾਲ ਦੀ ਮਾਸੂਮ ਬੱਚੀ ਨੂੰ ਨੋਚ ਲਿਆ ਗਿਆ। ਇਸ ਦੇ ਨਾਲ ਹੀ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।
ਪਿਟਬੁਲ ਦੇ ਹਮਲੇ ਕਾਰਨ ਬੱਚੀ ਦੇ ਸਰੀਰ ‘ਤੇ ਕੱਟੇ ਦੇ ਕਰੀਬ 15 ਨਿਸ਼ਾਨ ਹਨ। ਸ਼ਾਮ ਨੂੰ ਇਕੱਲੀ ਗਲੀ ਵਿਚੋਂ ਲੰਘ ਰਹੀ ਸੀ ਤਾਂ ਗੁਆਂਢੀਆਂ ਦੀ ਲੜਕੀ ਕੁੱਤੇ ਨੂੰ ਲੈ ਕੇ ਉਥੇ ਘੁੰਮ ਰਹੀ ਸੀ।
ਇਸ ਦੌਰਾਨ ਪਿਟਬੁੱਲ ਨੇ ਅਚਾਨਕ ਬੱਚੀ ਉਤੇ ਹਮਲਾ ਕਰ ਦਿੱਤਾ ਅਤੇ ਇਸ ਤੋਂ ਬਾਅਦ ਆਸਪਾਸ ਦੇ ਹੋਰ ਕੁੱਤੇ ਵੀ ਉਸ ਦੇ ਨੇੜੇ ਆ ਗਏ। ਉਥੇ ਮੌਜੂਦ ਲੋਕਾਂ ਨੇ ਕਿਸੇ ਤਰ੍ਹਾਂ ਬੱਚੀ ਦੀ ਜਾਨ ਬਚਾਈ। ਲੜਕੀ ਦੇ ਪਿਤਾ ਨੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਲੋਕਾਂ ਨੇ ਖ਼ਤਰਨਾਕ ਨਸਲ ਦੇ ਕੁੱਤੇ ਘਰ ਵਿੱਚ ਰੱਖੇ ਹੋਏ ਹਨ।
ਉਨ੍ਹਾਂ ਨੇ ਦੱਸਿਆ ਕਿ ਗੁਆਂਢ ‘ਚ ਰਹਿਣ ਵਾਲੀ ਅੰਜੂ ਅਤੇ ਉਸ ਦੇ ਮਾਤਾ-ਪਿਤਾ ਦੇ ਨਾਂ ‘ਤੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਨੇ ਘਰ ਵਿੱਚ ਕਈ ਕੁੱਤੇ ਰੱਖੇ ਹੋਏ ਹਨ, ਜਿਨ੍ਹਾਂ ਦਾ ਉਹ ਕਾਰੋਬਾਰ ਕਰਦੀ ਹੈ। ਲੜਕੀ ਦੇ ਪਿਤਾ ਨੇ ਕਿਹਾ ਕਿ ਉਹ ਕਾਨੂੰਨੀ ਕਾਰਵਾਈ ਚਾਹੁੰਦੇ ਹਨ।
ਪੁਲਿਸ ਵੱਲੋਂ ਕੁੱਤੇ ਦੇ ਮਾਲਕ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਰਹੀ ਹੈ। ਐਸਐਚਓ ਰਾਮਪਾਲ ਸਿੰਘ ਨੇ ਦੱਸਿਆ ਕਿ ਅੰਬਾਲਾ ਦੇ ਨਿਸ਼ਾਂਤ ਬਾਗ ਦੇ ਰਹਿਣ ਵਾਲੇ ਅਮਿਤ ਨੇ ਸ਼ਿਕਾਇਤ ਦਿੱਤੀ ਹੈ ਕਿ ਉਸ ਦੀ ਬੱਚੀ ਨੂੰ ਕੁੱਤੇ ਨੇ ਵੱਢ ਲਿਆ ਹੈ।
ਘਰ ਤੋਂ ਥੋੜੀ ਦੂਰ ਰਹਿਣ ਵਾਲੀ ਇੱਕ ਔਰਤ ਨੇ ਕੁੱਤਾ ਪਾਲ ਰੱਖਿਆ ਹੈ। ਉਸ ਨੇ ਦੱਸਿਆ ਕਿ ਕੁੱਤੇ ਨੇ ਕਈ ਥਾਵਾਂ ਤੋਂ ਬੱਚੀ ਨੂੰ ਵੱਢਿਆ ਹੈ ਅਤੇ ਕਈ ਟਾਂਕੇ ਵੀ ਲੱਗੇ ਹਨ, ਇਸ ਲਈ ਪੁਲਿਸ ਨੇ ਕੁੱਤੇ ਦੇ ਮਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਫਿਲਹਾਲ ਕੁੱਤੇ ਦਾ ਮਾਲਕ ਘਰੋਂ ਫਰਾਰ ਹੈ। ਪੁਲਿਸ ਭਾਲ ਕਰ ਰਹੀ ਹੈ। ਇਸ ਦੇ ਨਾਲ ਹੀ ਨਗਰ ਕੌਂਸਲ ਦੀ ਇਹ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਕੋਈ ਵੀ ਵਿਅਕਤੀ ਆਪਣੇ ਇਲਾਕੇ ਵਿਚ ਅਜਿਹੇ ਕੁੱਤੇ ਨਾ ਰੱਖੇ, ਜੋ ਲੋਕਾਂ ਲਈ ਖਤਰਨਾਕ ਹਨ। ਨਗਰ ਕੌਂਸਲ ਦੇ ਸਕੱਤਰ ਰਾਜੇਸ਼ ਕੁਮਾਰ ਨੇ ਕਿਹਾ ਕਿ ਖ਼ਤਰਨਾਕ ਕੁੱਤਿਆਂ ਨੂੰ ਘਰਾਂ ਵਿੱਚ ਰੱਖਣ ਵਾਲੇ ਮਾਲਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਕੁੱਤੇ ਦਾ ਮਾਲਕ ਘਰੋਂ ਫਰਾਰ ਹੈ, ਜਿਸ ਦੀ ਪੁਲਿਸ ਭਾਲ ਕਰ ਰਹੀ ਹੈ।