ਬਿਊਰੋ ਰਿਪੋਰਟ (ਅੰਮ੍ਰਿਤਸਰ, 15 ਨਵੰਬਰ 2025): ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ’ਤੇ ਭਾਰਤ ਤੋਂ ਪਾਕਿਸਤਾਨ ਗਿਆ ਇੱਕ ਵਿਸ਼ੇਸ਼ ਜਥਾ ਹੁਣ ਵਿਵਾਦਾਂ ਵਿੱਚ ਘਿਰ ਗਿਆ ਹੈ। ਇਸ ਜਥੇ ਵਿੱਚ ਸ਼ਾਮਲ ਇੱਕ ਔਰਤ ਦੇ ਲਾਪਤਾ ਹੋਣ ਅਤੇ ਬਾਅਦ ਵਿੱਚ ਉੱਥੇ ਹੀ ਨਿਕਾਹ ਕਰਨ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਗੰਭੀਰ ਹੋ ਗਿਆ ਹੈ।
ਅੰਮ੍ਰਿਤਸਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਸਕੱਤਰ ਪ੍ਰਤਾਪ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਘਟਨਾ ਸਿਰਫ਼ ਇੱਕ ਵਿਅਕਤੀ ਤੱਕ ਸੀਮਤ ਨਹੀਂ, ਸਗੋਂ ਪੂਰੀ ਸਿੱਖ ਕੌਮ ਦੇ ਅਕਸ ਨੂੰ ਪ੍ਰਭਾਵਿਤ ਕਰਦੀ ਹੈ। ਉਨ੍ਹਾਂ ਦੱਸਿਆ ਕਿ SGPC ਨੂੰ ਔਰਤ ਦਾ ਨਾਂ ਮੈਂਬਰ ਸਾਹਿਬਾਨਾਂ ਵੱਲੋਂ ਭੇਜੀ ਗਈ ਸੂਚੀ ਵਿੱਚ ਮਿਲਿਆ ਸੀ, ਅਤੇ ਉਸੇ ਆਧਾਰ ’ਤੇ ਯਾਤਰਾ ਦੀ ਇਜਾਜ਼ਤ ਦਿੱਤੀ ਗਈ ਸੀ।
ਸਕੱਤਰ ਨੇ ਕਿਹਾ ਕਿ ਇਹ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਦੀ ਜ਼ਿੰਮੇਵਾਰੀ ਸੀ ਕਿ ਉਹ ਯਾਤਰੀਆਂ ਦੇ ਪਿਛੋਕੜ ਅਤੇ ਇਰਾਦਿਆਂ ਦੀ ਪੂਰੀ ਤਰ੍ਹਾਂ ਜਾਂਚ ਕਰਨ, ਤਾਂ ਜੋ ਕਿਸੇ ਵੀ ਸ਼ੱਕੀ ਗਤੀਵਿਧੀ ਨੂੰ ਹੋਣ ਤੋਂ ਪਹਿਲਾਂ ਰੋਕਿਆ ਜਾ ਸਕੇ।
ਸਮੇਂ ਸਿਰ ਜਾਂਚ ਹੁੰਦੀ ਤਾਂ ਔਰਤ ਨੂੰ ਸਰਹੱਦ ਪਾਰ ਨਾ ਕਰਨ ਦਿੱਤਾ ਜਾਂਦਾ – SGPC
ਪ੍ਰਤਾਪ ਸਿੰਘ ਨੇ ਦੱਸਿਆ ਕਿ ਔਰਤ ਜਥੇ ਦੇ ਹੋਰ ਮੈਂਬਰਾਂ ਨਾਲ ਲਗਭਗ ਅੱਠ ਦਿਨਾਂ ਤੱਕ ਰਹੀ, ਪਰ ਉਸ ਨੇ ਨਾ ਤਾਂ ਕਿਸੇ ਰਿਸ਼ਤੇਦਾਰ ਨੂੰ ਮਿਲਣ ਬਾਰੇ ਦੱਸਿਆ ਅਤੇ ਨਾ ਹੀ ਆਪਣੀਆਂ ਨਿੱਜੀ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। SGPC ਨੇ ਸਿਰਫ਼ ਸੂਚੀ ਦੇ ਆਧਾਰ ’ਤੇ ਹੀ ਮਨਜ਼ੂਰੀ ਦਿੱਤੀ ਸੀ। ਸਕੱਤਰ ਨੇ ਸਪੱਸ਼ਟ ਕੀਤਾ ਕਿ ਜੇਕਰ ਸੁਰੱਖਿਆ ਏਜੰਸੀਆਂ ਸਮੇਂ ਸਿਰ ਜਾਂਚ ਕਰਦੀਆਂ, ਤਾਂ ਔਰਤ ਨੂੰ ਸਰਹੱਦ ਪਾਰ ਕਰਨ ਤੋਂ ਪਹਿਲਾਂ ਹੀ ਰੋਕਿਆ ਜਾ ਸਕਦਾ ਸੀ।
ਸਕੱਤਰ ਨੇ ਇਹ ਵੀ ਕਿਹਾ ਕਿ ਔਰਤ ਦਾ ਇਹ ਕਦਮ ਪਰਿਵਾਰ ਅਤੇ ਸਿੱਖ ਕੌਮ ਦੇ ਅਕਸ ਲਈ ਗੰਭੀਰ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਹਰ ਜਥੇ ਦਾ ਮੈਂਬਰ ਸਿੱਖ ਭਾਈਚਾਰੇ ਦੀ ਪ੍ਰਤੀਨਿਧਤਾ ਕਰਦਾ ਹੈ, ਇਸ ਲਈ ਅਜਿਹੇ ਫੈਸਲੇ ਨਾਲ ਭਾਈਚਾਰੇ ਦੀ ਪ੍ਰਤਿਸ਼ਠਾ ਪ੍ਰਭਾਵਿਤ ਹੁੰਦੀ ਹੈ।
SGPC ਨੇ ਸਰਕਾਰ ਨੂੰ ਕੀਤੀ ਅਪੀਲ
ਪ੍ਰਤਾਪ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਜਾਂਚ ਪ੍ਰਕਿਰਿਆ ਹੋਰ ਸਖ਼ਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਯਾਤਰਾ ਲਈ ਵੀਜ਼ਾ ਅਤੇ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਸਨ, ਪਰ ਸੁਰੱਖਿਆ ਅਤੇ ਪਿਛੋਕੜ ਦੀ ਜਾਂਚ ਵਿੱਚ ਕਮੀ ਨੇ ਇਸ ਘਟਨਾ ਨੂੰ ਸੰਭਵ ਬਣਾਇਆ। ਇਸ ਮਾਮਲੇ ਨੇ ਇੱਕ ਵਾਰ ਫਿਰ ਜਥਾ ਯਾਤਰਾ ਅਤੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

