ਪਠਾਨਕੋਟ ਵਿੱਚ ਐਤਵਾਰ ਰਾਤ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਗੋਲੀ ਮਾਰ ਦਿੱਤੀ ਗਈ। ਬੀਐਸਐਫ ਜਵਾਨਾਂ ਨੇ ਪਠਾਨਕੋਟ ਵਿੱਚ ਭਾਰਤ-ਪਾਕਿਸਤਾਨ ਸਰਹੱਦ ਪਾਰ ਕਰ ਰਹੇ ਇੱਕ ਵਿਅਕਤੀ ਨੂੰ ਮਾਰ ਦਿੱਤਾ। ਕਰੀਬ 14 ਰਾਊਂਡ ਫਾਇਰਿੰਗ ਹੋਈ। ਵਿਅਕਤੀ ਦੀ ਗੋਲੀਆਂ ਨਾਲ ਵਿੰਨ੍ਹੀਂ ਲਾਸ਼ ਝਾੜੀਆਂ ਵਿੱਚੋਂ ਮਿਲੀ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਆਜ਼ਾਦੀ ਦਿਹਾੜੇ ਤੋਂ ਠੀਕ ਪਹਿਲਾਂ ਪਠਾਨਕੋਟ ਦੀ ਭਾਰਤ-ਪਾਕਿ ਸਰਹੱਦ ‘ਤੇ ਕਮਲਜੀਤ ਚੌਕੀ ‘ਤੇ ਬੀਤੀ ਰਾਤ ਗੋਲ਼ੀਬਾਰੀ ਹੋਈ, ਜਿਸ ‘ਚ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤ ‘ਚ ਘੁਸਪੈਠ ਕਰ ਰਹੇ ਇਕ ਘੁਸਪੈਠੀਏ ਦੀ ਮੌਤ ਹੋ ਗਈ।
ਹਾਲਾਂਕਿ ਅਜੇ ਤੱਕ ਇਸ ਮਾਮਲੇ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ ਪਰ ਸੂਤਰਾਂ ਦੀ ਮੰਨੀਏ ਤਾਂ ਸਰਹੱਦ ‘ਤੇ ਕਾਫ਼ੀ ਹਲਚਲ ਹੈ। ਇਲਾਕੇ ਦੇ ਹਰ ਨੁੱਕਰੇ ਦੀ ਤਲਾਸ਼ੀ ਲਈ ਜਾ ਰਹੀ ਹੈ। ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਅਤੇ ਬੀਐਸਐਫ ਦੀ ਟੁਕੜੀ ਕਾਫ਼ੀ ਚੌਕਸ ਹੈ।
ਦੱਸਿਆ ਜਾ ਰਿਹਾ ਹੈ ਕਿ ਬੀਐਸਐਫ ਦੇ ਜਵਾਨਾਂ ਨੇ ਰਾਤ ਕਰੀਬ 12.30 ਵਜੇ ਸਰਹੱਦੀ ਖੇਤਰ ਵਿੱਚ ਵਾੜ ਦੇ ਸਾਹਮਣੇ ਇੱਕ ਪਾਕਿਸਤਾਨੀ ਘੁਸਪੈਠੀਏ ਦੀ ਸ਼ੱਕੀ ਗਤੀਵਿਧੀ ਦੇਖੀ। ਸੈਨਿਕਾਂ ਨੇ ਘੁਸਪੈਠੀਏ ਨੂੰ ਚਿਤਾਵਨੀ ਦਿੱਤੀ, ਪਰ ਜਦੋਂ ਉਹ ਨਾ ਰੁਕਿਆ ਤਾਂ ਸੈਨਿਕਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ।