ਬਿਉਰੋ ਰਿਪੋਰਟ : ਫਗਵਾੜਾ ਦੇ ਗੁਰਦੁਆਰਾ ਚੌਰਾ ਖੂਹ ਸਾਹਿਬ ਵਿੱਚ ਨਿਹੰਗ ਨੇ ਬੇਅਦਬੀ ਦੇ ਸ਼ੱਕ ਵਿੱਚ ਨੌਜਵਾਨ ਦਾ ਕਤਲ ਕਰ ਦਿੱਤਾ ਸੀ। ਜਦੋਂ ਨਿਹੰਗ ਸਿੰਘ ਨੇ ਪੁਲਿਸ ਦੇ ਸਾਹਮਣੇ ਸਰੰਡਰ ਕੀਤਾ ਤਾਂ ਸੰਗਤਾਂ ਨੇ ਉਸ ‘ਤੇ ਫੁੱਲਾਂ ਦੀ ਵਰਖਾ ਕੀਤੀ ।ਇਸ ਤੋਂ ਪਹਿਲਾਂ ਮੰਗਲਵਾਰ ਸਵੇਰ 3 ਵਜੇ ਲੁਧਿਆਣਾ ਦੇ ਰਹਿਣ ਵਾਲੇ ਨਿਹੰਗ ਰਮਨਦੀਪ ਸਿੰਘ ਮੰਗੂ ਮੱਠ ਨੇ ਨੌਜਵਾਨ ਦਾ ਕਤਲ ਕਰਨ ਤੋਂ ਪਹਿਲਾਂ 2 ਵੀਡੀਓ ਬਣਾਏ ਸਨ। ਇੱਕ ਵੀਡੀਓ ਵਿੱਚ ਮੁਲਜ਼ਮ ਇਹ ਗੱਲ ਕਬੂਲ ਕਰ ਰਿਹਾ ਹੈ ਕਿ ਉਸ ਨੂੰ ਕਿਸੇ ਨੇ ਬੇਅਦਬੀ ਕਰਨ ਦੇ ਲਈ ਭੇਜਿਆ ਸੀ ਪਰ ਉਸ ਨੇ ਅੰਜਾਮ ਨਹੀਂ ਦਿੱਤਾ । ਜਦਕਿ ਦੂਜਾ ਵੀਡੀਓ ਨਿਹੰਗ ਨੇ ਬੇਅਦਬੀ ਕਰਨ ਆਏ ਸ਼ਖਸ ਦਾ ਕਤਲ ਕਰਨ ਤੋਂ ਬਾਅਦ ਬਣਾਇਆ ਸੀ।
ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਨਿਹੰਗ ਰਮਨਦੀਪ ਸਿੰਘ ਮੰਗੂ ਮੱਠ ਨੇ ਆਪਣੇ ਆਪ ਨੂੰ ਗੁਰਦੁਆਰਾ ਕੰਪਲੈਕਸ ਦੇ ਅੰਦਰ ਬੰਦ ਕਰ ਲਿਆ ਸੀ ਚਾਰੋ ਪਾਸੇ ਤੋਂ ਪੁਲਿਸ ਨੇ ਘੇਰਾ ਪਾਇਆ ਸੀ ਅਤੇ ਉਸ ਨੂੰ ਸਰੰਡਰ ਕਰਨ ਲਈ ਕਿਹਾ ਸੀ। ਪੁਲਿਸ ਨੇ ਨਿਹੰਗ ਰਮਨਦੀਪ ਸਿੰਘ ਮੰਗੂ ਮੱਠ ਦੇ ਖਿਲਾਫ ਗੈਰ ਇਰਾਦਤਨ ਕਤਲ ਦੀ IPC ਧਾਰਾ 304 ਦੇ ਤਹਿਤ ਕੇਸ ਦਰਜ ਕਰਕੇ ਗ੍ਰਿਫਤਾਰ ਕੀਤਾ ਹੈ । ਉਧਰ ਮ੍ਰਿਤਕ ਦੇ ਖਿਲਾਫ ਧਾਰਮਿਕ ਭਾਵਨਾਵਾਂ ਅਧੀਨ IPC ਦੀ ਧਾਰਾ 295-A ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਨਿਹੰਗ ਰਮਨਦੀਪ ਸਿੰਘ ਮੰਗੂ ਮੱਠ ਨੇ ਕਤਲ ਕਰਨ ਵਾਲੇ ਨੌਜਵਾਨ ਦਾ ਜਿਹੜਾ ਵੀਡੀਓ ਬਣਾਇਆ ਹੈ । ਉਸ ਵਿੱਚ ਨਿਹੰਗ ਨੌਜਵਾਨ ਤੋਂ ਪੁੱਛ-ਗਿੱਛ ਕਰ ਰਿਹਾ ਹੈ। ਨੌਜਵਾਨ ਕਹਿੰਦਾ ਹੈ ਕਿ ਉਸ ਨੂੰ ਬੇਅਦਬੀ ਦੇ ਲ਼ਈ 2 ਤੋਂ 3 ਹਜ਼ਾਰ ਰੁਪਏ ਮਿਲੇ ਸਨ ਨੌਜਵਾਨ ਨੇ ਕਿਹਾ ਸੁੱਖੀ ਨੇ ਉਸ ਨੂੰ ਭੇਜਿਆ ਹੈ। ਉਸ ਨੇ ਕਿਹਾ ਸੀ ਕਿ ਗੁਰਦੁਆਰਾ ਜਾਕੇ ਉਲਟਾ ਸਿੱਧਾ ਕੰਮ ਕਰਨਾ ਹੈ,ਪਰ ਮੈਂ ਕੁਝ ਨਹੀਂ ਕੀਤਾ,ਮੈਂ ਇਮਾਨਦਾਰ ਅਤੇ ਮਿਹਨਤੀ ਹਾਂ। ਅੱਗੇ ਨਿਹੰਗ ਨੇ ਪੁੱਛਿਆ ਕਿ ਉਸ ਨੇ ਬਾਣੀ ਦੇ ਨਾਲ ਕੁਝ ਕਰਨ ਨੂੰ ਕਿਹਾ ਸੀ ਤਾਂ ਉਸ ਨੇ ਕਿਹਾ ਹਾਂ ਕਿਹਾ ਸੀ,ਮੈਨੂੰ ਅਪਸ਼ਬਦ ਲਿਖਣ ਲਈ ਕਿਹਾ ਸੀ । ਨੌਜਵਾਨ ਨੇ ਪਹਿਲਾਂ ਕਿਹਾ ਕਿ ਉਹ ਫਗਵਾੜਾ ਤੋਂ ਹੈ ਅਤੇ ਫਿਰ ਥੋੜੀ ਦੇਰ ਵਿੱਚ ਉਸ ਨੇ ਕਿਹਾ ਉਹ ਦੋਸਾਂਝ ਕਲਾਂ ਦਾ ਰਹਿਣ ਵਾਲਾ ਹੈ ਉਸ ਨੂੰ ਸੁੱਖਾ ਨਾਂ ਦੇ ਸ਼ਖਸ ਨੇ ਬੇਅਦਬੀ ਦੇ ਲਈ ਭੇਜਿਆ ਸੀ।
ਕਮੇਟੀ ਵੱਲੋਂ ਪੁਲਿਸ ਨੂੰ ਅਲਟੀਮੇਟਮ
ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਬੇਅਦਬੀ ਕਰਨ ਆਏ ਮੁਲਜ਼ਮ ਦੇ ਫੋਨ ਤੋਂ ਕਈ ਨੰਬਰ ਮਿਲੇ ਹਨ ਜੋ ਹਰਿਆਣਾ ਦੇ ਦੱਸੇ ਜਾ ਰਹੇ ਹਨ। ਇਸ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੁਲਿਸ ਦੇ ਵਿਚਾਲੇ ਮੀਟਿੰਗ ਹੋਈ ਹੈ । ਕਮੇਟੀ ਦੇ ਵੱਲੋਂ ਪੁਲਿਸ ਨੂੰ ਮੁਲਜ਼ਮ ਦੀ ਪਛਾਣ ਦੇ ਲਈ 7 ਦਿਨ ਦਾ ਸਮਾਂ ਦਿੱਤਾ ਗਿਆ ਹੈ ।