ਬਿਉਰੋ ਰਿਪੋਰਟ : ਫਗਵਾੜਾ (Phagwara) ਵਿੱਚ ਬੇਅਦਬੀ ਦੇ ਸ਼ੱਕ ਵਿੱਚ ਨਿਹੰਗ ਵੱਲੋਂ ਕਤਲ ਹੋਏ ਨੌਜਵਾਨ ਬਾਰੇ ਪਤਾ ਚੱਲ ਗਿਆ ਹੈ । ਉਹ ਹਰਿਆਣਾ ਦੇ ਸੋਨੀਪਤ ਦਾ ਰਹਿਣਾ ਵਾਲਾ ਸੀ। ਪੁਲਿਸ ਜਾਂਚ ਵਿੱਚ ਉਸ ਦਾ ਨਾਂ ਵਿਸ਼ਾਲ ਸਾਹਮਣੇ ਆਇਆ ਹੈ। ਉਹ ਸੋਨੀਪਤ ਦੇ ਇੱਕ ਅਨਾਥ ਆਸ਼ਰਮ ਵਿੱਚ ਰਹਿੰਦਾ ਸੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਹ ਮਾਨਸਿਕ ਤੌਰ ‘ਤੇ ਪਰੇਸ਼ਾਨ ਸੀ। ਪੰਜਾਬ ਪੁਲਿਸ ਜਾਂਚ ਕਰਨ ਦੇ ਲਈ ਉਸ ਅਨਾਥ ਆਸ਼ਰਮ ਪਹੁੰਚੀ ਅਤੇ ਉਸ ਨਾਲ ਜੁੜੇ ਰਿਕਾਰਡ ਲੈਕੇ ਆਈ ਹੈ ।
ਪੁਲਿਸ ਸੂਤਰਾਂ ਦੇ ਮੁਤਾਬਿਕ ਵਿਸ਼ਾਲ ਤੋਂ ਪੁਲਿਸ ਨੂੰ ਕੁਝ ਫੋਨ ਨੰਬਰ ਮਿਲੇ ਸਨ, ਜਾਂਚ ਵਿੱਚ ਪਤਾ ਚੱਲਿਆ ਹੈ ਕਿ ਉਹ ਹਰਿਆਣਾ ਤੋਂ ਇਸ਼ੂ ਹੋਏ ਸਨ। ਇਹ ਨੰਬਰ ਸੋਨੀਪਤ ਤੋਂ ਨਿਕਲੇ,ਇੰਨਾਂ ਨੰਬਰਾਂ ਵਿੱਚੋ ਇੱਕ ਨੰਬਰ ਸੋਨੀਪਤ ਅਨਾਥ ਆਸ਼ਰਮ ਦਾ ਸੀ।
ਪੁਲਿਸ ਹੁਣ ਇਸ ਮਾਮਲੇ ਵਿੱਚ ਜਾਂਚ ਕਰ ਰਹੀ ਹੈ ਕਿ ਉਹ ਸੋਨੀਪਤ ਤੋਂ ਫਗਵਾੜਾ ਕਿਵੇਂ ਪਹੁੰਚਿਆ। ਫਿਰ ਉਹ ਗੁਰਦੁਆਰੇ ਵਿੱਚ ਕਿਉਂ ਆਇਆ ਸੀ ? ਸੂਤਰਾਂ ਮੁਤਾਬਿਕ ਪੁਲਿਸ ਨੂੰ ਕੁਝ CCTV ਵੀ ਮਿਲੇ ਹਨ। ਜਿਸ ਦੇ ਜਰੀਏ ਵਿਸ਼ਾਲ ਦੇ ਬਾਰੇ ਕਈ ਅਹਿਮ ਗੱਲਾਂ ਦਾ ਪਤਾ ਚੱਲਿਆ ਹੈ ।
ਕਪੂਰਥਲਾ ਦੀ SSP ਵਤਸਲਾ ਗੁਪਤਾ ਦੇ ਮੁਤਾਬਿਕ ਵਿਸ਼ਾਲ ਦਾ ਜਨਮ ਪੱਛਮੀ ਦਿੱਲੀ ਵਿੱਚ ਹੋਇਆ ਸੀ । ਉਸ ਦੇ ਪਿਤਾ ਦਵਿੰਦਰ ਕਪੂਰ ਦੀ ਮੌਤ ਹੋ ਗਈ ਸੀ। ਆਪਣੇ ਸ਼ੁਰੂਆਤੀ ਦਿਨਾਂ ਦੇ ਦੌਰਾਨ ਉਹ 8 ਤੋਂ 10 ਸਾਲ ਫਗਵਾੜਾ ਵਿੱਚ ਰਿਹਾ ਸੀ । ਫਿਰ ਦਾਦੀ ਦੇ ਨਾਲ ਉਹ ਦਿੱਲੀ ਚੱਲਾ ਗਿਆ। ਕੁਝ ਸਮੇਂ ਉਹ ਦਾਦੀ ਦੇ ਨਾਲ ਰਿਹਾ,ਦਾਦੀ ਦੀ ਮੌਤ ਦੇ ਬਾਅਦ ਉਹ ਦਿੱਲੀ ਦੀ ਸੜਕਾਂ ‘ਤੇ ਲਵਾਰਿਸ ਘੁੰਮਣ ਲੱਗ ਗਿਆ । ਜਿੱਥੋਂ ਉਸ ਨੂੰ ਦਿੱਲੀ ਦੀ ਇੱਕ ਗੈਰ ਸਰਕਾਰੀ ਜਥੇਬੰਦੀ ਨੇ ਹਰਿਆਣਾ ਦੇ ਸੋਨੀਪਤ ਅਨਾਥ ਆਸ਼ਰਮ ਵਿੱਚ ਭੇਜ ਦਿੱਤਾ ।
ADGP ਲਾਅ ਐਂਡ ਆਰਡਰ ਗੁਰਵਿੰਦਰ ਸਿੰਘ ਢਿੱਲੋਂ ਨੇ ਕਿਹਾ ਨਿਹੰਗ ਮੰਗੂਮਠ ਨੇ ਪਬਲਿਸਿਟੀ ਦੇ ਲਈ ਨੌਜਵਾਨ ਦਾ ਕਤਲ ਕੀਤਾ ਸੀ । SGPC ਨੇ ਨਿਰਪੱਖ ਜਾਂਚ ਦੇ ਲਈ ਅਪੀਲ ਕੀਤੀ ਹੈ । ਜਿਸ ਦੇ ਬਾਅਦ ਇਸ ਦਾ ਖੁਲਾਸਾ ਹੋਇਆ ਹੈ। ਜੇਕਰ ਨੌਜਵਾਨ ਜ਼ਿੰਦਾ ਹੁੰਦਾ ਤਾਂ ਪੁੱਛ-ਗਿੱਛ ਹੋ ਸਕਦੀ ਸੀ । ਉਸ ਤੋਂ ਪਹਿਲਾਂ ਕਤਲ ਕਰ ਦਿੱਤਾ ਗਿਆ। ਜਿਸ ਨਾਲ ਮੰਗੂ ਦੇ ਇਲਜ਼ਾਮਾਂ ਦੀ ਗੱਲ ਸ਼ੱਕੀ ਲੱਗ ਰਹੀ ਹੈ । ਉਸ ਨੂੰ ਕੋਰਟ ਵਿੱਚ ਪੇਸ਼ ਕਰਕੇ 7 ਦਿਨਾਂ ਦਾ ਰਿਮਾਂਡ ਲਿਆ ਗਿਆ ਹੈ ।