‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਟੀਕਾ ਨਿਰਮਾਤਾ ਕੰਪਨੀ ਫਾਈਜ਼ਰ ਨੇ ਪੰਜਾਬ ਸਰਕਾਰ ਨੂੰ ਵੈਕਸੀਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਫਾਈਜ਼ਰ ਨੇ ਪੰਜਾਬ ਸਰਕਾਰ ਨੂੰ ਇਨਕਾਰ ਕਰਦਿਆਂ ਕਿਹਾ ਕਿ ਅਸੀਂ ਸਿਰਫ ਭਾਰਤ ਸਰਕਾਰ ਨਾਲ ਡੀਲ ਕਰਦੇ ਹਾਂ। ਸੂਬਾ ਸਰਕਾਰਾਂ ਦੇ ਨਾਲ ਅਸੀਂ ਕੋਈ ਡੀਲ ਨਹੀਂ ਕਰਦੇ। ਦਰਅਸਲ, ਪੰਜਾਬ ਸਰਕਾਰ ਨੇ ਗੋਲਬਲ ਟੈਂਡਰ ਦੇ ਤਹਿਤ ‘ਫਾਈਜ਼ਰ’ ਤੋਂ ਵੈਕਸੀਨ ਮੰਗੀ ਸੀ। ਵੈਕਸੀਨ ਨਿਰਮਾਤਾ ਅਮਰੀਕੀ ਕੰਪਨੀ ‘ਮੌਡਰਨਾ’ ਨੇ ਵੀ ਪਹਿਲਾਂ ਪੰਜਾਬ ਸਰਕਾਰ ਨੂੰ ਵੈਕਸੀਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਪੰਜਾਬ ਸਰਕਾਰ ਖੁਦ ਪੈਸੇ ਖਰਚ ਕੇ ਇਨ੍ਹਾਂ ਦੋਵਾਂ ਕੰਪਨੀਆਂ ਤੋਂ ਵੈਕਸੀਨ ਖਰੀਦਣਾ ਚਾਹੁੰਦੀ ਸੀ। ਇਨ੍ਹਾਂ ਕੰਪਨੀਆਂ ਨੇ ਆਪਣੇ ਇਨਕਾਰ ਕਰਨ ਪਿੱਛੇ ਤਰਕ ਦਿੰਦਿਆਂ ਕਿਹਾ ਕਿ ਉਹ ਸਿੱਧਾ ਕਿਸੇ ਦੇਸ਼ ਦੀ ਸਰਕਾਰ ਦੇ ਨਾਲ ਗੱਲ ਕਰਦੀ ਹੈ, ਨਾ ਕਿ ਸੂਬਾ ਸਰਕਾਰਾਂ ਨਾਲ ਕੋਈ ਡੀਲ ਕਰਦੀ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰੋਨਾ ਵੈਕਸੀਨ ਦੀ ਸਪਲਾਈ ਲਈ ਕੇਂਦਰ ਸਰਕਾਰ ਨੂੰ ਪਹਿਲਾਂ ਵੀ ਕਈ ਵਾਰ ਅਪੀਲ ਕੀਤੀ ਹੈ ਅਤੇ ਚਿੱਠੀਆਂ ਵੀ ਲਿਖੀਆਂ ਹਨ ਪਰ ਹਾਲੇ ਤੱਕ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਢੁੱਕਵੀਂ ਵੈਕਸੀਨ ਮੁਹੱਈਆ ਨਹੀਂ ਕਰਵਾਈ ਗਈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕਰੋਨਾ ਵੈਕਸੀਨ ਦੀ ਘਾਟ ਪਾਈ ਜਾ ਰਹੀ ਹੈ।