ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਹਿੱਟ ਐਂਡ ਰਨ ਕਾਨੂੰਨ ‘ਚ ਕੀਤੀ ਗਈ ਸੋਧ ਖ਼ਿਲਾਫ਼ ਦੇਸ਼ ਭਰ ‘ਚ ਟਰੱਕ ਡਰਾਈਵਰਾਂ ਦੀ ਹੜਤਾਲ ਦਾ ਅੱਜ ਦੂਜਾ ਦਿਨ ਹੈ। ਜਿਸਦਾ ਸਿੱਧਾ ਅਸਰ ਇਹ ਪਿਆ ਹੈ ਕਿ ਪੈਟਰੋਲ ਪੰਪਾਂ ‘ਤੇ ਪੈਟਰੋਲ ਖਤਮ ਹੋ ਗਿਆ ਹੈ ਤੇ ਜਿੱਥੇ ਪੈਟਰੋਲ ਹੈ ਉੱਥੇ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ । ਪੈਟਰੋਲ ਪੰਪ ਵਾਲੇ ਵੀ ਕਹਿ ਰਹੇ ਹਨ ਕਿ ਬਸ ਘੰਟੇ ਤੱਕ ਦਾ ਪੈਟਰੋਲ ਬਚਿਆ ਹੈ ਉਸਤੋਂ ਬਾਅਦ ਸਾਡੇ ਕੋਲ ਵੀ ਪੈਟਰੋਲ ਨਹੀਂ ਬਚੇਗਾ ।
ਮੁਹਾਲੀ-ਚੰਡੀਗੜ੍ਹ ‘ਚ ਬਹੁਤ ਸਾਰੇ ਪੈਟਰੋਲ ਪੰਪਾਂ ‘ਤੇ ਪੈਟਰੋਲ ਖਤਮ ਹੋ ਚੁੱਕਿਆ ਹੈ | ਆਮ ਲੋਕਾਂ ‘ਚ ਡਰ ਹੈ ਕਿ ਜੇ ਪੈਟਰੋਲ ਖਤਮ ਹੋਇਆ ਤਾਂ ਮੋਟਰ ਗੱਡੀਆਂ ਕਿਵੇਂ ਚੱਲਣਗੀਆਂ | ਸਾਰੇ ਕੰਮ ਕਰ ਠੱਪ ਹੋ ਜਾਣਗੇ | ਇਸ ਕਰ ਕੇ ਲੋਕ ਪੈਟਰੋਲ ਪਹਿਲਾਂ ਹੀ ਭਰਾ ਕੇ ਰੱਖਣਾ ਚਾਹੁੰਦੇ ਹਨ | ਪਰ ਦੂਜੇ ਪਾਸੇ ਪੈਟਰੋਲ ਪੰਪ ਵਾਲਿਆਂ ਨੇ ਪੈਟਰੋਲ ਪਾਉਣ ਦੀ ਲਿਮਿਟ ਸੈੱਟ ਕਰ ਦਿਤੀ ਹੈ ਕਿ ਕੋਈ ਵੀ 200 ਤੋਂ ਵੱਧ ਦਾ ਪੈਟਰੋਲ ਮੋਟਰ ਸਾਈਕਲ ‘ਚ 500 ਤੋਂ ਵੱਧ ਦਾ ਗੱਡੀ ‘ਚ ਨਹੀਂ ਪਵਾ ਸਕੇਗਾ ਤਾਂ ਜੋ ਹਰ ਕਿਸੇ ਨੂੰ ਪੈਟਰੋਲ ਮਿਲ ਸਕੇ |
ਇਸ ਸਭ ਵਿੱਚ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਲੋਕ ਪ੍ਰੇਸ਼ਾਨੀ ਦੇ ਬਾਵਜੂਦ ਟਰੱਕ ਵਾਲਿਆਂ ਦੇ ਹੱਕ ‘ਚ ਬੋਲ ਰਹੇ ਹਨ | ਲੋਕਾਂ ਦਾ ਕਹਿਣਾ ਕਿ ਟਰੱਕਾਂ ਵਾਲੇ 7 ਲੱਖ ਰੁਪਏ ਦਾ ਜ਼ੁਰਮਾਨਾ ਕਿਵੇਂ ਦੇਣਗੇ | ਕੇਂਦਰ ਸਰਕਾਰ ਨੂੰ ਇਹ ਕਾਨੂੰਨ ਰੱਦ ਕਰਨਾ ਚਾਹੀਦਾ ਹੈ |
ਦੂਜੇ ਪਾਸੇ ਸਰਕਾਰ ਅਤੇ ਤੇਲ ਕੰਪਨੀਆਂ ਹੜਤਾਲ ‘ਤੇ ਬੈਠੇ ਆਪਰੇਟਰਾਂ ਨਾਲ ਗੱਲਬਾਤ ਕਰ ਰਹੀਆਂ ਹਨ ਤਾਂ ਜੋ ਆਮ ਜ਼ਰੂਰੀ ਸੇਵਾਵਾਂ ਪ੍ਰਭਾਵਿਤ ਨਾ ਹੋਣ। ਉਮੀਦ ਹੈ ਕਿ ਸ਼ਾਮ ਤੱਕ ਕੋਈ ਹੱਲ ਕੱਢ ਲਿਆ ਜਾਵੇਗਾ। ਜੇ ਕੋਈ ਹੱਲ ਨਾ ਕੱਢਿਆ ਗਿਆ ਤਾਂ ਸਥਿਤੀ ਹੋਰ ਵਿਗੜ ਜਾਵੇਗੀ।