Punjab

ਪੰਜਾਬ ‘ਚ 5 ਵਜੇ ਤੋਂ ਬਾਅਦ ਨਹੀਂ ਮਿਲੇਗਾ ਪੈਟਰੋਲ-ਡੀਜ਼ਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਪੈਟਰੋਲ ਪੰਪਾਂ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਵਿੱਚ ਪੈਟਰੋਲ ਪੰਪ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਹੀ ਖੁੱਲ੍ਹੇ ਰਹਿਣਗੇ। ਪੰਜਾਬ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਹੈ। ਹੁਣ ਸ਼ਾਮ 5 ਵਜੇ ਤੋਂ ਬਾਅਦ ਲੋਕਾਂ ਨੂੰ ਪੈਟਰੋਲ-ਡੀਜ਼ਲ ਨਹੀਂ ਮਿਲੇਗਾ। ਇਸ ਮੀਟਿੰਗ ਵਿੱਚ ਜਲੰਧਰ, ਪਟਿਆਲਾ, ਫਤਿਹਗੜ੍ਹ ਸਾਹਿਬ, ਰੋਪੜ, ਮੋਹਾਲੀ, ਹੁਸ਼ਿਆਰਪੁਰ, ਮੋਗਾ ਸਮੇਤ ਲਗਭਗ 50 ਪੈਟਰੋਲ ਪੰਪ ਮਾਲਕਾਂ ਨੇ ਹਿੱਸਾ ਲਿਆ ਸੀ। ਪੰਜਾਬ ਭਰ ਦੇ ਪੈਟਰੋਲ ਪੰਪ 7 ਨਵੰਬਰ ਤੋਂ 21 ਨਵੰਬਰ ਤੱਕ 15 ਦਿਨਾਂ ਲਈ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਹੀ ਖੁੱਲ੍ਹਣਗੇ। ਜੇਕਰ ਇਨ੍ਹਾਂ 15 ਦਿਨਾਂ ਵਿੱਚ ਕੋਈ ਹੱਲ ਨਾ ਨਿਕਲਿਆ ਤਾਂ 22 ਨਵੰਬਰ ਨੂੰ ਇੱਕ ਰੋਜ਼ਾ ਹੜਤਾਲ ਕਰਕੇ ਅੱਗੇ ਦੀ ਰਣਨੀਤੀ ਤੈਅ ਕੀਤੀ ਜਾਵੇਗੀ।

ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੁਆਬਾ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਨਾਲ ਉਨ੍ਹਾਂ ਦੀ ਇਨਪੁਟ ਲਾਗਤ ਵਧ ਰਹੀ ਹੈ। ਇਸ ਦੇ ਮੁਕਾਬਲੇ ਉਨ੍ਹਾਂ ਦੇ ਕਮਿਸ਼ਨ ਵਿੱਚ ਕੋਈ ਵਾਧਾ ਨਹੀਂ ਹੋਇਆ। ਪਿਛਲੇ 5 ਸਾਲਾਂ ਵਿੱਚ ਲਾਗਤ ਦੁੱਗਣੀ ਹੋ ਗਈ ਹੈ। ਇਸ ਸਬੰਧੀ ਸਰਕਾਰ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ। ਕੀਮਤਾਂ ਨੂੰ ਕੰਟਰੋਲ ਕਰਨ ਤੋਂ ਲੈ ਕੇ ਉਨ੍ਹਾਂ ਨੇ ਕਮਿਸ਼ਨ ਵਧਾਉਣ ਦੀ ਮੰਗ ਕੀਤੀ ਹੈ। ਇਸ ਦੇ ਬਾਵਜੂਦ ਕੋਈ ਫੈਸਲਾ ਨਹੀਂ ਲਿਆ ਗਿਆ। ਐਸੋਸੀਏਸ਼ਨ ਮੁਤਾਬਕ ਪੈਟਰੋਲ ਪੰਪਾਂ ਨੂੰ 24 ਘੰਟੇ ਜਾਂ ਦੇਰ ਰਾਤ ਤੱਕ ਖੁੱਲ੍ਹਾ ਰੱਖਣ ਨਾਲ ਉਨ੍ਹਾਂ ਦੇ ਖਰਚੇ ਵਧ ਰਹੇ ਹਨ ਅਤੇ ਕਮਾਈ ਇਸ ਤੋਂ ਘੱਟ ਹੈ। ਇਸ ਕਾਰਨ ਉਹ ਹੁਣ ਪੰਪ ਸਵੇਰੇ ਦੇਰ ਨਾਲ ਖੋਲ੍ਹਣਗੇ ਅਤੇ ਸ਼ਾਮ ਨੂੰ ਵੀ ਜਲਦੀ ਬੰਦ ਕਰਨਗੇ। ਇਸ ਨਾਲ ਉਨ੍ਹਾਂ ਨੂੰ ਥੋੜੀ ਰਾਹਤ ਮਿਲੇਗੀ। ਪਰਮਜੀਤ ਸਿੰਘ ਦੋਆਬਾ ਨੇ ਕਿਹਾ ਕਿ ਪੰਜਾਬ ਦੇ ਪੈਟਰੋਲ ਪੰਪ ਡੀਲਰਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਵੱਧ ਰਹੀ ਲਾਗਤ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਅਜਿਹੀ ਸਥਿਤੀ ਵਿੱਚ ਹੁਣ ਅਸੀਂ ਖੁਦ ਖਰਚੇ ਘਟਾਉਣ ਲਈ ਕਾਸਟ ਕਟਿੰਗ ਕਰਨ ਲਈ ਮਜਬੂਰ ਹੋ ਗਏ ਹਾਂ।