India

ਹਫਤੇ ‘ਚ ਲਗਾਤਾਰ ਚੋਥੀ ਵਾਰ ਵਧੀ ਪੈਟਰੋਲ ਅਤੇ ਡੀਜ਼ਲ ਦੀ ਕੀਮਤ

‘ਦ ਖ਼ਾਲਸ ਬਿਊਰੋ : ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇੱਕ ਹਫ਼ਤੇ ਦੇ ਵਿੱਚ ਲਗਾਤਾਰ ਚੋਥੀ ਵਾਰ ਵਾਧਾ ਹੋਇਆ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਅੱਜ 80 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋ ਗਿਆ। ਜਿਸ ਤੋਂ ਬਾਅਦ ਰਾਜਧਾਨੀ ਵਿੱਚ ਇੱਕ ਲੀਟਰ ਪੈਟਰੋਲ ਦੀ ਕੀਮਤ 98 ਰੁਪਏ 61 ਪੈਸੇ ਅਤੇ ਇੱਕ ਲੀਟਰ ਡੀਜ਼ਲ ਦੀ ਕੀਮਤ 89 ਰੁਪਏ 87 ਪੈਸੇ ਹੋ ਗਈ ਹੈ।

ਲੰਘੇ ਕੱਲ ਪੈਟਰੋਲ ਦੀ ਕੀਮਤ ਵਿੱਚ 80 ਪੈਸੇ ਅਤੇ ਡੀਜ਼ਲ ਦੀ ਕੀਮਤ ਵਿੱਚ 75 ਪੈਸੇ ਦਾ ਵਾਧਾ ਕੀਤਾ ਗਿਆ ਸੀ। ਕੱਲ ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ ਹੁਣ 97.81 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 89.07 ਰੁਪਏ ਪ੍ਰਤੀ ਲੀਟਰ ਹੋ ਗਈ ਸੀ। ਮੁੰਬਈ ਵਿਚ ਪੈਟਰੋਲ ਦੀ ਕੀਮਤ ਵਿਚ 84 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ ਅਤੇ ਇਸਦੀ ਕੀਮਤ 112.51 ਰੁਪਏ ਪ੍ਰਤੀ ਲੀਟਰ ਹੋ ਗਈ ਸੀ। 85 ਪੈਸੇ ਪ੍ਰਤੀ ਲੀਟਰ ਦੇ ਵਾਧੇ ਨਾਲ ਡੀਜ਼ਲ ਦੀ ਕੀਮਤ 96.70 ਰੁਪਏ ਪ੍ਰਤੀ ਲੀਟਰ ਹੋ ਗਈ ਸੀ। ਚਾਰ ਮਹੀਨਿਆਂ ਤੋਂ ਵੱਧ ਦੇ ਵਕਫ਼ੇ ਤੋਂ ਬਾਅਦ ਮੰਗਲਵਾਰ ਨੂੰ ਪਹਿਲੀ ਵਾਰ ਇਨ੍ਹਾਂ ਕੀਮਤਾਂ ‘ਚ ਬਦਲਾਅ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪਿਛਲੇ ਪੰਜ ਦਿਨਾਂ ‘ਚ ਚੌਥੀ ਵਾਰ ਈਂਧਨ ਮਹਿੰਗਾ ਹੋਇਆ ਹੈ।

ਪੰਜ ਦਿਨਾਂ ਵਿਚ 3.20 ਰੁਪਏ ਪ੍ਰਤੀ ਲੀਟਰ ਦਾ ਵਾਧਾ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਹੋਇਆ ਹੈ। ਦੇਸ਼ ਵਿੱਚ ਮਹਿੰਗਾਈ ਲਗਾਤਾਰ ਸਿਖਰਾਂ ‘ਤੇ ਜਾ ਰਹੀ ਹੈ । ਦੇਸ਼ ਦੀ ਜਨਤਾ ਇੱਕ ਵਾਰ ਫਿਰ ਮਹਿੰਗਾਈ ਦੀ ਮਾਰ ਹੇਠ ਆ ਗਈ ਹੈ। ਮਹਿੰਗਾਈ ਦੇ ਝਟਕਿਆਂ ਦਾ ਹੁਣ ਲੋਕਾਂ ਦੀ ਜੇਬ ਉੱਤੇ ਅਸਰ ਪੈਣਾ ਸ਼ੁਰੂ ਹੋ ਗਿਆ ਹੈ।