India Punjab

ਡੇਢ ਸਾਲ ’ਚ ਪੈਟਰੋਲ 36 ਤੇ ਡੀਜ਼ਲ ਹੋਇਆ 27 ਰੁਪਏ ਮਹਿੰਗਾ

‘ਦ ਖ਼ਾਲਸ ਟੀਵੀ ਬਿਊਰੋ:- ਤੇਲ ਕੀਮਤਾਂ ‘ਚ ਹੋ ਰਿਹਾ ਵਾਧਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਲਗਾਤਾਰ 5ਵੇਂ ਦਿਨ ਵੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ 35-35 ਪੈਸੇ ਪ੍ਰਤੀ ਲਿਟਰ ਵਾਧਾ ਹੋਇਆ ਹੈ। ਦਿੱਲੀ ਵਿੱਚ ਹੁਣ ਪੈਟਰੋਲ ਦੀ ਨਵੀਂ ਕੀਮਤ 107.59 ਰੁਪਏ ਪ੍ਰਤੀ ਲਿਟਰ ਹੈ ਤੇ ਮੁੰਬਈ ਵਿੱਚ ਪੈਟਰੋਲ 113.46 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਹੈ।

ਮਈ 2020 ਤੋਂ ਭਾਵ ਪਿਛਲੇ ਕਰੀਬ ਡੇਢ ਸਾਲਾਂ ‘ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 36 ਰੁਪਏ ਤੇ 26.58 ਰੁਪਏ ਪ੍ਰਤੀ ਲਿਟਰ ਤੱਕ ਵਧੀਆਂ ਹਨ। ਇਨ੍ਹਾਂ ਦੋਵਾਂ ਈਂਧਣਾਂ ’ਤੇ ਲੱਗਣ ਵਾਲੇ ਟੈਕਸ ਆਪਣੇ ਸਿਖਰਲੇ ਪੱਧਰ ’ਤੇ ਹਨ।

ਦੇਸ਼ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਵਿੱਚ ਪੈਟਰੋਲ ਕੀਮਤਾਂ 100 ਰੁਪਏ ਪ੍ਰਤੀ ਲਿਟਰ ਦੇ ਅੰਕੜੇ ਨੂੰ ਟੱਪ ਚੁੱਕੀਆਂ ਹਨ ਜਦੋਂਕਿ ਦਰਜਨ ਤੋਂ ਵੱਧ ਰਾਜਾਂ ਵਿੱਚ ਡੀਜ਼ਲ ਵੀ ਸੈਂਕੜਾ ਮਾਰ ਚੁੱਕਾ ਹੈ। ਸਰਕਾਰ ਵੱਲੋਂ 5 ਮਈ 2020 ਨੂੰ ਐਕਸਾਈਜ਼ ਡਿਊਟੀ ਵਧਾਉਣ ਦੇ ਕੀਤੇ ਫੈਸਲੇ ਮਗਰੋਂ ਪੈਟਰੋਲ ਦੀ ਕੀਮਤ ਪ੍ਰਤੀ ਲਿਟਰ 35.98 ਰੁਪਏ ਪ੍ਰਤੀ ਲਿਟਰ ਤੱਕ ਵਧ ਚੁੱਕੀ ਹੈ ਜਦੋਂਕਿ ਇਸੇ ਅਰਸੇ ਦੌਰਾਨ ਡੀਜ਼ਲ ਦੇ ਭਾਅ ਵਿੱਚ 26.58 ਰੁਪਏ ਪ੍ਰਤੀ ਲਿਟਰ ਦਾ ਇਜ਼ਾਫ਼ਾ ਹੋਇਆ ਹੈ।

ਕੀਮਤਾਂ ਵਧਣ ਨੂੰ ਰਾਹੁਲ ਗਾਂਧੀ ਨੇ ਦੱਸਿਆ ਟੈਕਸ ਡਕੈਤੀ


ਰਾਹੁਲ ਗਾਂਧੀ ਨੇ ਤੇਲ ਦੀਆਂ ਕੀਮਤਾਂ ਵਧਣ ਉੱਤੇ ਟਵੀਟ ਕਰਦਿਆਂ ਇਸਨੰ ਟੈਕਸ ਡਕੈਤੀ ਕਿਹਾ ਹੈ। ਉਨ੍ਹਾਂ ਕਿਹਾ ਕਿ ਇਹ ਵਧਦੀ ਹੀ ਜਾ ਰਹੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਕਿਤੇ ਚੋਣਾਂ ਹੋਣ ਤਾਂ ਇਸ ‘ਤੇ ਕੋਈ ਰੋਕ ਲੱਗੇ।

ਉੱਧਰ, ਕਾਂਗਰਸ ਦੀ ਮਹਾਂਸਕੱਤਰ ਪ੍ਰਿਯੰਕਾ ਗਾਂਧੀ ਨੇ ਵੀ ਪੈਟਰੋਲ ਡੀਜਲ ਦੀਆਂ ਕੀਮਤਾਂ ਵਧਣ ਉੱਤੇ ਸਰਕਾਰ ਉੱਤੇ ਲੋਕਾਂ ਦੀ ਪਰੇਸ਼ਾਨੀ ਵਧਾਉਣ ਦਾ ਰਿਕਾਰਡ ਕਾਇਮ ਕਰਨਾ ਦਾ ਦੋਸ਼ ਲਾਇਆ ਹੈ।