ਬਿਉਰੋ ਰਿਪੋਰਟ: ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਦੇ ਨਤੀਜੇ ਭਾਰਤ ਵਿੱਚ ਦੇਖਣ ਨੂੰ ਮਿਲ ਸਕਦੇ ਹਨ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ। ਅਜਿਹਾ ਇਸ ਲਈ ਹੋਵੇਗਾ ਕਿਉਂਕਿ ਅਮਰੀਕੀ ਯੋਜਨਾ ਦੀ ਇੱਕ ਭਿਣਕ ਕਰਕੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਧ ਗਈਆਂ ਹਨ। ਜੇ ਇਹ ਵਾਧਾ ਜਾਰੀ ਰਿਹਾ ਤਾਂ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ।
ਬੀਤੇ ਦਿਨ ਵੀਰਵਾਰ ਨੂੰ ਅੰਤਰਰਾਸ਼ਟਰੀ ਤੇਲ ਬਾਜ਼ਾਰ ’ਚ ਉਸ ਸਮੇਂ ਭਾਰੀ ਉਥਲ-ਪੁਥਲ ਮੱਚ ਗਈ, ਜਦੋਂ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਕਿਹਾ ਕਿ ਈਰਾਨ ਦੇ ਤੇਲ ਟਿਕਾਣਿਆਂ ’ਤੇ ਸੰਭਾਵਿਤ ਹਮਲਿਆਂ ਨੂੰ ਲੈ ਕੇ ਅਮਰੀਕਾ ਇਜ਼ਰਾਈਲ ਨਾਲ ਗੱਲਬਾਤ ਕਰ ਰਿਹਾ ਹੈ। ਇਸ ਬਿਆਨ ਤੋਂ ਬਾਅਦ, ਤੇਲ ਦੀਆਂ ਕੀਮਤਾਂ ਵਿੱਚ 5% ਤੱਕ ਦਾ ਵਾਧਾ ਹੋਇਆ, ਜਿਸ ਨਾਲ ਗਲੋਬਲ ਊਰਜਾ ਬਾਜ਼ਾਰਾਂ ਵਿੱਚ ਤਣਾਅ ਵਧਿਆ ਹੈ।
ਕਿਉਂ ਵਧਿਆ ਗਲੋਬਲ ਤਣਾਅ?
ਜੋ ਬਾਇਡੇਨ ਦੇ ਇਸ ਬਿਆਨ ਨੇ ਨਿਵੇਸ਼ਕਾਂ ਅਤੇ ਵਪਾਰੀਆਂ ਵਿੱਚ ਕੱਚੇ ਤੇਲ ਦੀ ਸਪਲਾਈ ਵਿੱਚ ਰੁਕਾਵਟ ਦਾ ਡਰ ਵਧਾਇਆ ਹੈ। ਦੁਨੀਆ ਦੇ ਪ੍ਰਮੁੱਖ ਤੇਲ ਉਤਪਾਦਕ ਦੇਸ਼ਾਂ ਵਿੱਚੋਂ ਇੱਕ, ਈਰਾਨ ’ਤੇ ਸੰਭਾਵਿਤ ਹਮਲੇ ਦਾ ਮਤਲਬ ਹੋਵੇਗਾ ਕਿ ਵਿਸ਼ਵਵਿਆਪੀ ਤੇਲ ਦੀ ਸਪਲਾਈ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ, ਜਿਸ ਨਾਲ ਤੇਲ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਹੋ ਸਕਦਾ ਹੈ।
ਮੱਧ ਪੂਰਬ ਵਿੱਚ ਚੱਲ ਰਹੇ ਤਣਾਅ ਅਤੇ ਟਕਰਾਅ ਕਾਰਨ ਤੇਲ ਦੀਆਂ ਕੀਮਤਾਂ ਪਹਿਲਾਂ ਹੀ ਅਸਥਿਰ ਸਨ, ਪਰ ਇਸ ਨਵੀਂ ਘੋਸ਼ਣਾ ਤੋਂ ਬਾਅਦ, ਬ੍ਰੈਂਟ ਕਰੂਡ ਦੀਆਂ ਕੀਮਤਾਂ 5% ਤੋਂ ਵੱਧ ਕੇ $89 ਪ੍ਰਤੀ ਬੈਰਲ ਹੋ ਗਈਆਂ। ਬਾਜ਼ਾਰ ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਈਰਾਨ ਦੇ ਤੇਲ ਕੇਂਦਰਾਂ ’ਤੇ ਹਮਲਾ ਹੁੰਦਾ ਹੈ ਤਾਂ ਇਸ ਦਾ ਵਿਸ਼ਵ ਪੱਧਰ ’ਤੇ ਤੇਲ ਸਪਲਾਈ ’ਤੇ ਗੰਭੀਰ ਅਸਰ ਪੈ ਸਕਦਾ ਹੈ, ਜਿਸ ਨਾਲ ਊਰਜਾ ਸੰਕਟ ਹੋਰ ਵਧ ਸਕਦਾ ਹੈ।
ਲੰਮੇ ਸਮੇਂ ਲਈ ਹੋ ਸਕਦਾ ਹੈ ਅਸਰ
ਰਾਸ਼ਟਰਪਤੀ ਬਾਇਡੇਨ ਦੇ ਇਸ ਬਿਆਨ ਤੋਂ ਬਾਅਦ ਅਮਰੀਕੀ ਊਰਜਾ ਬਾਜ਼ਾਰਾਂ ਵਿੱਚ ਹਲਚਲ ਮੱਚ ਗਈ ਹੈੈ। ਅਮਰੀਕਾ ਅਤੇ ਇਜ਼ਰਾਈਲ ਵਿਚਾਲੇ ਸਹਿਯੋਗ ਦੇ ਕਾਰਨ, ਈਰਾਨ ਦੇ ਖ਼ਿਲਾਫ਼ ਕਿਸੇ ਵੀ ਕਾਰਵਾਈ ਦਾ ਗਲੋਬਲ ਬਾਜ਼ਾਰਾਂ, ਖ਼ਾਸ ਤੌਰ ’ਤੇ ਤੇਲ ਉਤਪਾਦਨ ਅਤੇ ਇਸਦੀ ਸਪਲਾਈ ਲੜੀ ’ਤੇ ਲੰਬੇ ਸਮੇਂ ਤੱਕ ਪ੍ਰਭਾਵ ਪੈ ਸਕਦਾ ਹੈ। ਬਾਜ਼ਾਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ’ਚ ਤਣਾਅ ਵਧਦਾ ਹੈ ਅਤੇ ਹਮਲੇ ਦੀ ਸੰਭਾਵਨਾ ਬਣ ਜਾਂਦੀ ਹੈ ਤਾਂ ਤੇਲ ਦੀਆਂ ਕੀਮਤਾਂ ’ਚ ਹੋਰ ਵਾਧਾ ਦੇਖਣ ਨੂੰ ਮਿਲ ਸਕਦਾ ਹੈ।