‘ਦ ਖ਼ਾਲਸ ਬਿਊਰੋ :ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਵੱਲੋਂ 10 ਫਰਵਰੀ ਨੂੰ ਲਖੀਮਪੁਰ ਖੇੜੀ ਹਿੰਸਾ ਮਾਮਲੇ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਦੀ ਦਿੱਤੇ ਜ਼ਮਾਨਤ ਦੇ ਹੁਕਮਾਂ ਨੂੰ ਰੱਦ ਕਰਵਾਉਣ ਲਈ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਹੈ।
ਇਹ ਪਟੀਸ਼ਨ ਲਖੀਮਪੁਰ ਖੇੜੀ ਮਾਮਲੇ ਦੇ ਮੁੱਖ ਪਟੀਸ਼ਨਰ ਸ਼ਿਵ ਕੁਮਾਰ ਤ੍ਰਿਪਾਠੀ ਨੇ ਦਾਇਰ ਕੀਤੀ ਹੈ। ਪਟੀਸ਼ਨਕਰਤਾ ਨੇ ਦੋਸ਼ੀ ਦੀ ਪੁਲਿਸ ਹਿਰਾਸਤ ਨੂੰ ਬਰਕਰਾਰ ਰੱਖਣ ਲਈ ਆਦੇਸ਼ ਦੀ ਮੰਗ ਕੀਤੀ ਹੈ ਤੇ ਪੀੜਤ ਧਿਰ ਨੂੰ ਰਾਹਤ ਦੇਣ ਵਿੱਚ ਦੇਰੀ ਲਈ ਸੇਵਾਮੁਕਤ ਜਸਟਿਸ ਰਾਕੇਸ਼ ਜੈਨ ਦੀ ਅਗਵਾਈ ਵਾਲੀ ਐਸਆਈਟੀ ਅਤੇ ਉੱਤਰ ਪ੍ਰਦੇਸ਼ ਪੁਲਿਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੀ ਮੰਗ ਵੀ ਕੀਤੀ ਹੈ
ਪਟੀਸ਼ਨਕਰਤਾ ਨੇ ਸੁਪਰੀਮ ਕੋਰਟ ਤੋਂ ਮੰਗ ਕੀਤੀ ਹੈ ਕਿ ਪੀੜਤ ਧਿਰਾਂ ਨੂੰ ਮੁਆਵਜ਼ਾ ਰਾਸ਼ੀ ਅਤੇ ਨੁਕਸਾਨ ਦਾ ਭੁਗਤਾਨ ਕਰਨ ਲਈ ਸਰਕਾਰੀ ਵਿਭਾਗਾਂ, ਯੂਪੀ ਸਰਕਾਰ ਅਤੇ ਭਾਰਤ ਸਰਕਾਰ ਨੂੰ ਕਿਹਾ ਜਾਵੇ।
ਪਿਛਲੇ ਸਾਲ ਅਕਤੂਬਰ ਵਿੱਚ ਲਖੀਮਪੁਰ ਵਿੱਚ ਚਾਰ ਕਿਸਾਨਾਂ ਤੇ ਇੱਕ ਪੱਤਰਕਾਰ ਨੂੰ ਗੱਡੀਆਂ ਥੱਲੇ ਕੁਚਲ ਕੇ ਮਾਰ ਦਿੱਤਾ ਗਿਆ ਸੀ ਤੇ ਇਨ੍ਹਾਂ ਵਿੱਚੋਂ ਇੱਕ ਕਾਰ ਆਸ਼ੀਸ਼ ਮਿਸ਼ਰਾ ਦੀ ਵੀ ਸੀ।ਇਸ ਤੋਂ ਇਲਾਵਾ ਕਿਸਾਨਾਂ ਉੱਤੇ ਫਾਇਰਿੰਗ ਕਰਨ ਦਾ ਕੇਸ ਵੀ ਆਸ਼ਿਸ਼ ਮਿਸ਼ਰਾ ਤੇ ਦਰਜ ਹੈ।