Punjab

ਸਾਬਕਾ ਕਾਂਗਰਸੀ ਵਿਧਾਇਕ ਜੀਰਾ ਖ਼ਿਲਾਫ਼ ਹਾਈਕੋਰਟ ’ਚ ਪਟੀਸ਼ਨ ਦਾਇਰ! ਝੂਠੀ ਜਾਣਕਾਰੀ ਦੇ ਕੇ ਜ਼ਮਾਨਤ ਲੈਣ ਦਾ ਇਲਜ਼ਾਮ

ਬਿਉਰੋ ਰਿਪੋਰਟ: ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਵੱਲੋਂ ਅਦਾਲਤ ਵਿੱਚ ਝੂਠੀ ਜਾਣਕਾਰੀ ਦੇ ਕੇ ਜ਼ਮਾਨਤ ਲੈਣ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਮਾਮਲੇ ਦੀ ਸੁਣਵਾਈ ਕਰਦਿਆਂ ਹਾਈਕੋਰਟ ਨੇ ਕੁਲਬੀਰ ਜ਼ੀਰਾ ਨੂੰ ਨੋਟਿਸ ਜਾਰੀ ਕੀਤਾ ਹੈ। ਅਦਾਲਤ ਨੇ ਇਸ ਮਾਮਲੇ ਵਿੱਚ 12 ਨਵੰਬਰ ਤੱਕ ਜਵਾਬ ਦਾਖ਼ਲ ਕਰਨ ਦਾ ਹੁਕਮ ਦਿੱਤਾ ਹੈ।

ਸ਼ਿਕਾਇਤਕਰਤਾ ਗੁਰਨਾਮ ਸਿੰਘ ਨੇ ਹਾਈ ਕੋਰਟ ਵਿੱਚ ਜਾਇਦਾਦ ਵਿਵਾਦ ਵਿੱਚ ਪਟੀਸ਼ਨ ਦਾਇਰ ਕਰਦੇ ਹੋਏ ਕਿਹਾ ਹੈ ਕਿ ਜੀਰਾ ਨੇ ਹਾਈ ਕੋਰਟ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕਰਦੇ ਸਮੇਂ ਗ਼ਲਤ ਜਾਣਕਾਰੀ ਦਿੱਤੀ ਸੀ। ਜੀਰਾ ਨੇ ਅਦਾਲਤ ਨੂੰ ਕਿਹਾ ਸੀ ਕਿ ਇਸ ਐਫਆਈਆਰ ਤੋਂ ਇਲਾਵਾ ਉਸ ਵਿਰੁੱਧ ਕੋਈ ਐਫਆਈਆਰ ਨਹੀਂ ਹੈ।

ਪਟੀਸ਼ਨਕਰਤਾ ਨੇ ਦੱਸਿਆ ਕਿ ਜੀਰਾ ਨੇ ਹਾਈਕੋਰਟ ’ਚ ਇਹ ਜਾਣਕਾਰੀ ਲੁਕਾਈ ਸੀ ਕਿ ਇਸ ਮਾਮਲੇ ਤੋਂ ਇਲਾਵਾ ਉਨ੍ਹਾਂ ਖ਼ਿਲਾਫ਼ 3 ਹੋਰ ਐੱਫ.ਆਈ.ਆਰ. ਦਰਜ ਸਨ। ਪੁਲਿਸ ਨੇ ਇਨ੍ਹਾਂ 3 ਐਫਆਈਆਰਾਂ ਵਿੱਚੋਂ 2 ਵਿੱਚ ਰੱਦ ਕਰਨ ਦੀ ਰਿਪੋਰਟ ਦਿੱਤੀ ਹੈ ਜਦਕਿ ਤੀਜੀ ਐਫਆਈਆਰ ਦੀ ਜਾਂਚ ਅਜੇ ਜਾਰੀ ਹੈ।

ਜ਼ਮਾਨਤ ਪਟੀਸ਼ਨ ਵਿੱਚ ਇਨ੍ਹਾਂ ਤਿੰਨਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਸੀ ਜੋ ਕਿ ਅਦਾਲਤ ਨਾਲ ਧੋਖਾ ਹੈ। ਪਟੀਸ਼ਨਰ ਨੇ ਹਾਈ ਕੋਰਟ ਨੂੰ ਅਪੀਲ ਕੀਤੀ ਹੈ ਕਿ ਜੀਰਾ ਖ਼ਿਲਾਫ਼ ਧੋਖਾਧੜੀ ਦੀ ਕਾਰਵਾਈ ਕੀਤੀ ਜਾਵੇ।