- ਮੁਜ਼ਾਹਰਾ ਯਾਨੀ ਕਿ ਕਿਸਾਨ, ਜਗੀਰਦਾਰਾਂ ਤੋਂ ਜ਼ਮੀਨਾਂ ਛੁਡਵਾਉਣ ਤੇ ਕਿਸਾਨ ਨੂੰ ਜ਼ਮੀਨਾਂ ਦਾ ਮਾਲਕ ਬਣਾਉਣ ਲਈ ਸ਼ੁਰੂ ਹੋਈ ਸੀ ਇਹ ਲਹਿਰ
‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਜ਼ਮੀਨਾਂ ਦੀ ਮਾਲਕੀ ਬਚਾਉਣ ਲਈ ਕਿਸਾਨਾਂ ਦੀ ਜੱਦੋਜਹਿਦ ਕੋਈ ਹੁਣ ਦੀ ਨਹੀਂ ਹੈ, ਇਹ ਦਹਾਕਿਆਂ ਤੋਂ ਚੱਲੀ ਆ ਰਹੀ ਹੈ। ਆਪਣੀਆਂ ਜ਼ਮੀਨਾਂ ਨੂੰ ਬਚਾਉਣ ਲਈ ਕਿਸਾਨਾਂ ਨੂੰ ਲੰਬੇ ਸੰਘਰਸ਼ ਵਿੰਢਣੇ ਪਏ ਹਨ। ਅੱਜ ਦਾ ਦਿਨ ਵੀ ਕਿਸਾਨ ਜਥੇਬੰਦੀਆਂ ਨੇ ਪੈਪਸੂ ਮੁਜ਼ਾਹਰਾ ਲਹਿਰ ਦੇ ਸ਼ਹੀਦਾਂ ਨੂੰ ਸਮਰਪਿਤ ਕੀਤਾ ਹੈ ਤਾਂਕਿ ਇਸ ਲਹਿਰ ਨਾਲ ਜੁੜੇ ਘੁਲਾਟੀਆਂ ਦੇ ਸੰਘਰਸ਼ ਤੋਂ ਸੇਧ ਲਈ ਜਾ ਸਕੇ। ਦਿੱਲੀ ਵਿੱਚ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ਨੂੰ 100 ਦਿਨ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ। ਔਕੜਾਂ ਭਰੇ ਰਾਹਾਂ ਵਿੱਚ ਜਿੱਤ ਦੀ ਉਮੀਦ ਅਤੇ ਜੋਸ਼ ਨਾਲ ਤੁਰੇ ਕਿਸਾਨ ਮੁਜ਼ਾਹਰਾ ਲਹਿਰ ਤੋਂ ਸਿੱਖਿਆ ਲੈ ਰਹੇ ਹਨ।
ਪੰਜਾਬ ਦੇ ਕਈ ਕਿਸਾਨਾਂ ਨੇ ਪੰਜਾਹ ਸਾਲ ਪਹਿਲਾਂ ਜ਼ਮੀਨਾਂ ਦੀ ਮਾਲਕੀ ਲਈ ਜਗੀਰਦਾਰਾਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸੀ। ਇਹ ਉਹ ਲਹਿਰ ਸੀ ਜੋ ਜਗੀਰਦਾਰੀ ਪ੍ਰਥਾ ਨੂੰ ਦਰੜਨ ਲਈ ਖੜ੍ਹੀ ਕੀਤੀ ਗਈ ਸੀ।
ਮੁਜ਼ਾਹਰਾ ਲਹਿਰ ਦਾ ਪੰਜਾਬ ਦੇ ਇਤਿਹਾਸ ਵਿੱਚ ਬਹੁਤ ਅਹਿਮ ਸਥਾਨ ਹੈ। ਇਹ ਮੁਜ਼ਾਹਰਾ ਲਹਿਰ ਦਾ ਹੀ ਪ੍ਰਭਾਵ ਸੀ ਕਿ ਜ਼ਮੀਨ ਵਾਹੁਣ ਵਾਲੇ ਕਿਸਾਨਾਂ ਨੂੰ ਜਗੀਰਦਾਰਾਂ ਤੋਂ ਮੁਕਤੀ ਮਿਲ ਸਕੇ ਅਤੇ ਮੁਜ਼ਾਹਰੇ ਯਾਨੀ ਕਿ ਕਿਸਾਨ ਜਮੀਨਾਂ ਦੇ ਮਾਲਕ ਬਣ ਸਕਣ।
ਇਸ ਲਹਿਰ ਨਾਲ ਜੁੜੇ ਪੰਜਾਬ ਦੇ ਕਿਸਾਨਾਂ ਦੇ ਅਨੁਸਾਰ ਪਟਿਆਲੇ ਦੀ ਰਿਆਸਤ ਸਣੇ ਪੈਪਸੂ ਦੇ ਇਲਾਕੇ ਦੀਆਂ ਰਿਆਸਤਾਂ ਦੇ ਇਲਾਕੇ ਵਿੱਚ ਰਾਜਿਆਂ ਵੱਲੋਂ ਆਪੋ ਆਪਣੀ ਰਿਆਸਤ ਵਿੱਚ ਜਗੀਰਦਾਰ ਲਾਏ ਗਏ ਸਨ। ਇਹ ਕਈ-ਕਈ ਪਿੰਡਾਂ ਦੀਆਂ ਜ਼ਮੀਨਾਂ ਦੇ ਮਾਲਕ ਸਨ ਅਤੇ ਅੱਗੇ ਉਹ ਕਿਸਾਨਾਂ ਤੋਂ ਖੇਤੀ ਕਰਵਾਉਂਦੇ ਸਨ।
ਉਸ ਵੇਲੇ ਇਨ੍ਹਾਂ ਵਾਹੀਕਾਰਾਂ ਨੂੰ ਮੁਜ਼ਾਹਰੇ ਕਿਸਾਨ ਬੋਲ ਕੇ ਸੱਦਿਆ ਜਾਂਦਾ ਸੀ, ਕਿਉਂਕਿ ਉਹ ਜਮੀਨਾਂ ‘ਤੇ ਖੇਤੀ ਤਾਂ ਕਰਦੇ ਸਨ ਪਰ ਜ਼ਮੀਨ ਦੀ ਮਾਲਕੀ ਜਗੀਰਦਾਰ ਆਪਣੇ ਕੋਲ ਰੱਖਦੇ ਸਨ। ਇਸ ਤੋਂ ਇਲਾਵਾ ਇਸ ਬਦਲੇ ਮੁਜ਼ਾਹਰੇ ਕਿਸਾਨਾਂ ਤੋਂ ਬਟਾਈ ਯਾਨੀ ਕਿ ਟੈਕਸ ਵਸੂਲ ਕੀਤਾ ਜਾਂਦਾ ਸੀ।
ਜਾਣਕਾਰੀ ਅਨੁਸਾਰ, ਪੈਪਸੂ 8 ਰਿਆਸਤਾਂ ਦੇ ਗੜ੍ਹ ਨੂੰ ਕਹਿੰਦੇ ਸੀ। ਇਸ ਵਿੱਚ ਪਟਿਆਲਾ, ਜੀਂਦ, ਕਪੂਰਥਲਾ, ਨਾਭਾ, ਫਰੀਦਕੋਟ, ਮਲੇਰਕੋਟਲਾ, ਕਲਸੀਆ ਤੇ ਨਾਲਾਗੜ੍ਹ ਸ਼ਾਮਿਲ ਸਨ।
ਹਾਲਾਤ ਇਹ ਸਨ ਕਿ ਮੁਜ਼ਾਰਿਆਂ ਨੂੰ ਖੇਤਾਂ ਵਿੱਚ ਪਸ਼ੂ ਚਾਰਨ ਤੇ ਖੇਤਾਂ ਵਿੱਚੋਂ ਸਾਗ, ਬਾਲਣ ਲੈਣ ‘ਤੇ ਵੀ ਟੈਕਸ ਦੈਣਾ ਪੈਂਦਾ ਸੀ। ਜਗੀਰਦਾਰ ਖੇਤਾਂ ਤੋਂ ਮੁੜੇ ਕਿਸਾਨਾਂ ਦੀ ਤਲਾਸ਼ੀ ਲੈਂਦੇ ਸੀ, ਜੇ ਕੁੱਝ ਹਾਸਲ ਹੋ ਜਾਂਦਾ ਤਾਂ ਆਪਸ ਵਿੱਚ ਟੈਕਸ ਦੇ ਰੂਪ ਵਿੱਚ ਵੰਡ ਲੈਂਦੇ ਸਨ।
ਇਸ ਤੋਂ ਛੁੱਟਕਾਰਾ ਪਾਉਣ ਲਈ ਮੁਜ਼ਾਹਰਾ ਲਹਿਰ ਦੀ ਸ਼ੁਰੂਆਤ ਹੋਈ। ਮੁਜ਼ਾਹਰੇ ਕਿਸਾਨਾਂ ਨੇ ਟੈਕਸ ਦੇਣ ਤੋਂ ਮਨ੍ਹਾ ਕਰ ਦਿੱਤਾ। ਮਜ਼ਾਰਿਆਂ ਦੇ ਘਰ ਖੋਹ ਲਏ ਗਏ ਤੇ ਜ਼ਮੀਨਾਂ ਚੋਂ ਬੇਦਖਲ ਕਰ ਦਿੱਤਾ ਗਿਆ। ਪੁਲਿਸ ਇਨ੍ਹਾਂ ਮੁਜਾਰਿਆਂ ਨੂੰ ਦਬਾ ਕੇ ਰੱਖਦੀ ਸੀ। ਇਸ ਲਹਿਰ ਤੇ ਬਹੁਤ ਵੱਡੇ ਰੂਪ ਵਿੱਚ ਸਾਹਿਤ ਵੀ ਲਿਖਿਆ ਗਿਆ ਹੈ।
ਇੱਥੇ ਮੁਜ਼ਾਹਰੇ ਕਿਸਾਨਾਂ ਦਾ ਪਹਿਲਾਂ ਪੁਲਿਸ ਅਤੇ ਬਾਅਦ ਵਿੱਚ ਫੌ਼ਜ ਨਾਲ ਵੀ ਮੁਕਾਬਲਾ ਹੋਇਆ। ਇਸ ਲੜਾਈ ਵਿੱਚ 3 ਮੁਜਾਰੇ ਮਾਰੇ ਗਏ ਅਤੇ 80 ਦੇ ਕਰੀਬ ਗ੍ਰਿਫਤਾਰ ਕੀਤੇ ਗਏ ਜਿੰਨਾਂ ਵਿੱਚੋਂ 35 ਦੇ ਕਰੀਬ ਆਗੂਆਂ ਅਤੇ ਮੁਜਾਰਿਆਂ ਨੂੰ ਜੇਲ੍ਹ ਭੇਜਿਆ ਗਿਆ।
18 ਮਾਰਚ 1949 ਨੂੰ ਤੋਂ ਸ਼ੂਰੂ ਹੋਇਆ ਇਹ ਮੁਾਕਬਾਲਾ 19 ਮਾਰਚ 1949 ਦੀ ਸਵੇਰ ਤੱਕ ਚੱਲਿਆ।
ਜਾਣਕਾਰੀ ਮੁਤਾਬਿਕ 1947 ਵਿੱਚ ਮੁਜਾਰਾ ਲਹਿਰ ਦੀ ਸ਼ੁਰੂਆਤ ਹੋਈ ਸੀ। ਜ਼ਿਲ੍ਹਾ ਮਾਨਸਾ ਦੇ ਕਿਸ਼ਨਗੜ੍ਹ ਤੋਂ ਮੁਜ਼ਾਹਰਾ ਲਹਿਰ ਦਾ ਮੁੰਢ ਬੱਝਿਆ ਦੱਸਿਆ ਜਾਂਦਾ ਹੈ। ਇਸ ਪਿੰਡ ਉੱਪਰ 19 ਮਾਰਚ 1949 ਨੂੰ ਆਜ਼ਾਦ ਭਾਰਤ ਦੀ ਫ਼ੌਜ ਨੇ ਹਮਲਾ ਕੀਤਾ ਸੀ। ਇਸ ਵਿੱਚ ਕਈ ਮੁਜਾਰਿਆਂ ਦੀ ਜਾਨ ਗਈ ਸੀ।