International

ਹੁਣ ਲੋਕ ਪਾ ਸਕਣਗੇ ਪੇਂਗ ਸ਼ੁਆਈ ਦੇ ਸਮਰਥਨ ਵਾਲੀ ਟੀ-ਸ਼ਰਟ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਸਟ੍ਰੇਲੀਅਨ ਓਪਨ ਦੇ ਪ੍ਰਬੰਧਕਾਂ ਨੇ ਵਿਸ਼ਵ ਪੱਧਰ ‘ਤੇ ਹੋਏ ਵਿਵਾਦ ਤੋਂ ਬਾਅਦ ਚੀਨ ਦੀ ਟੈਨਿਸ ਖਿਡਾਰੀ ਪੇਂਗ ਸ਼ੁਆਈ ਦੇ ਸਮਰਥਨ ਵਾਲੀ ਟੀ-ਸ਼ਰਟ ਪਾਉਣ ‘ਤੇ ਲੱਗੀ ਪਾਬੰਦੀ ਨੂੰ ਹਟਾ ਦਿੱਤਾ ਹੈ। ਅਸਟ੍ਰੇਲੀਅਨ ਓਪਨ ਦੀ ਪ੍ਰਬੰਧਕ ਸੰਸਥਾ ਟੈਨਿਸ ਅਸਟ੍ਰੇਲੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਕ੍ਰੇਗ ਟਿਲੀ ਨੇ ਕਿਹਾ ਕਿ ਹੁਣ ਦਰਸ਼ਕਾਂ ਨੂੰ ਟੀ-ਸ਼ਰਟ ਪਾਉਣ ਦੀ ਇਜਾਜ਼ਤ ਹੋਵੇਗੀ ਪਰ ਉਦੋਂ ਤੱਕ ਜਦੋਂ ਤੱਕ ਉਹ ਖੇਡ ਵਿੱਚ ਵਿਘਨ ਪਾਉਣ ਜਾਂ ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ ਨਾ ਆਏ ਹੋਣ।

ਦਰਅਸਲ, ਬੀਤੇ ਸ਼ੁੱਕਰਵਾਰ ਨੂੰ ਸੁਰੱਖਿਆ ਕਰਮੀਆਂ ਨੇ ਪੇਂਗ ਸ਼ੁਆਈ ਦੇ ਸਮਰਥਨ ਵਾਲੀ ਟੀ-ਸ਼ਰਟ ਅਤੇ ਬੈਨਰ ਲੈ ਕੇ ਬੈਠੇ ਦਰਸ਼ਕਾਂ ਨੂੰ ਹਟਣ ਦੇ ਲਈ ਕਿਹਾ ਸੀ। ਇਨ੍ਹਾਂ ਦਰਸ਼ਕਾਂ ਦੀ ਟੀ-ਸ਼ਰਟ ‘ਤੇ ਸਿਰਫ਼ ਇੰਨਾ ਹੀ ਲਿਖਿਆ ਸੀ ਕਿ ‘ਪੇਗ ਸ਼ੁਆਈ ਕਿੱਥੇ ਹੈ ?’

ਕੌਣ ਹੈ ਪੇਂਗ ਸ਼ੁਆਈ ?

ਚੀਨ ਦੇ ਸਭ ਤੋਂ ਵੱਡੇ ਖਿਡਾਰੀਆਂ ਵਿੱਚ ਸ਼ਾਮਿਲ ਪੇਂਗ ਸ਼ੁਆਈ ਨੇ ਕੁੱਝ ਮਹੀਨੇ ਪਹਿਲਾਂ ਇੱਕ ਸੀਨੀਅਰ ਅਧਿਕਾਰੀ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਸੀ ਜਿਸ ਤੋਂ ਬਾਅਦ ਕਈ ਹਫਤਿਆਂ ਤੱਕ ਉਹ ਨਜ਼ਰ ਨਹੀਂ ਆਈ। ਨਵੰਬਰ ਮਹੀਨੇ ਵਿੱਚ ਇੱਕ ਈ-ਮੇਲ ਸਾਹਮਣੇ ਆਉਣ ਦੀ ਗੱਲ ਸਾਹਮਣੇ ਆਈ ਸੀ ਅਤੇ ਦਾਅਵਾ ਕੀਤਾ ਗਿਆ ਸੀ ਕਿ ਇਹ ਮੇਲ ਪੇਂਗ ਸ਼ੁਆਈ ਨੇ ਹੀ ਭੇਜੀ ਹੈ ਅਤੇ ਉਨ੍ਹਾਂ ਵੱਲੋਂ ਅਧਿਕਾਰੀ ‘ਤੇ ਲਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ ਝੂਠੇ ਹਨ। ਦੁਨੀਆ ਭਰ ਵਿੱਚ ਸਾਰੇ ਲੋਕਾਂ ਨੇ ਇਸ ਮੇਲ ਦੀ ਪ੍ਰਮਾਣਿਕਤਾ ‘ਤੇ ਸ਼ੱਕ ਜਤਾਇਆ ਸੀ ਅਤੇ ਪੇਂਗ ਸ਼ੁਆਈ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਾਹਿਰ ਕੀਤੀ ਸੀ।