Punjab

ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ, ਕਈ ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ

ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੇ ਮੀਂਹ ਦੀ ਸੰਭਾਵਨਾ ਹੈ। ਨੌਤਪਾ ਸ਼ੁਰੂ ਹੋਏ ਦੋ ਦਿਨ ਹੋ ਗਏ ਹਨ, ਫਿਰ ਵੀ ਸੂਬੇ ਵਿੱਚ ਨਾ ਤਾਂ ਕੋਈ ਹੀਟਵੇਵ ਅਲਰਟ ਹੈ ਅਤੇ ਨਾ ਹੀ ਕੋਈ ਗਰਮ ਹਵਾਵਾਂ ਚੱਲ ਰਹੀਆਂ ਹਨ। ਇਸ ਦੇ ਉਲਟ, ਰਾਜ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਗਿਰਾਵਟ ਆਈ ਹੈ ਅਤੇ ਇਸ ਵੇਲੇ ਇੱਥੇ ਤਾਪਮਾਨ ਆਮ ਨਾਲੋਂ 5.4 ਡਿਗਰੀ ਘੱਟ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਨੇ 29 ਮਈ ਤੱਕ ਗਰਮੀ ਦੀ ਲਹਿਰ ਸਬੰਧੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਹੈ।

ਮੌਸਮ ਵਿਭਾਗ (IMD) ਦੇ ਅਨੁਸਾਰ, ਸੂਬੇ ਵਿੱਚ ਵੱਧ ਤੋਂ ਵੱਧ ਤਾਪਮਾਨ ਔਸਤਨ 3.6 ਡਿਗਰੀ ਸੈਲਸੀਅਸ ਘਟਿਆ ਹੈ। ਇਹ ਆਮ ਨਾਲੋਂ 5.4 ਡਿਗਰੀ ਸੈਲਸੀਅਸ ਘੱਟ ਹੈ, ਜੋ ਕਿ ਇਸ ਗਰਮੀਆਂ ਦੇ ਮੌਸਮ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਮੰਨਿਆ ਜਾਂਦਾ ਹੈ।

ਰਾਜ ਵਿੱਚ ਸਭ ਤੋਂ ਵੱਧ ਤਾਪਮਾਨ ਲੁਧਿਆਣਾ ਦੇ ਸਮਰਾਲਾ (36.9 ਡਿਗਰੀ ਸੈਲਸੀਅਸ) ਵਿੱਚ ਦਰਜ ਕੀਤਾ ਗਿਆ, ਜਦੋਂ ਕਿ ਕਈ ਹੋਰ ਜ਼ਿਲ੍ਹਿਆਂ ਵਿੱਚ ਤਾਪਮਾਨ 34 ਡਿਗਰੀ ਸੈਲਸੀਅਸ ਤੋਂ ਹੇਠਾਂ ਰਿਹਾ। ਚੰਡੀਗੜ੍ਹ ਹਵਾਈ ਅੱਡੇ ‘ਤੇ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 34.7 ਡਿਗਰੀ ਸੈਲਸੀਅਸ, ਲੁਧਿਆਣਾ ਵਿੱਚ 35.2 ਡਿਗਰੀ ਸੈਲਸੀਅਸ ਅਤੇ ਪਟਿਆਲਾ ਵਿੱਚ 33 ਡਿਗਰੀ ਸੈਲਸੀਅਸ ਰਿਹਾ।

ਅੱਜ ਪੰਜਾਬ ਵਿੱਚ ਕੋਈ ਗਰਮੀ ਦੀ ਲਹਿਰ ਦੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ ਪਰ ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ, ਨਵਾਂਸ਼ਹਿਰ, ਰੋਪੜ, ਮੋਹਾਲੀ, ਫ਼ਤਿਹਗੜ੍ਹ ਸਾਹਿਬ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਅਗਲੇ ਚਾਰ ਦਿਨਾਂ ਲਈ ਮੌਸਮ ਸੰਬੰਧੀ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਦੱਖਣ-ਪੱਛਮੀ ਜ਼ਿਲ੍ਹਿਆਂ ਜਿਵੇਂ ਫਾਜ਼ਿਲਕਾ, ਮੁਕਤਸਰ ਸਾਹਿਬ, ਬਠਿੰਡਾ, ਫ਼ਰੀਦਕੋਟ, ਮਾਨਸਾ, ਸੰਗਰੂਰ ਵਿੱਚ ਕੋਈ ਚੇਤਾਵਨੀ ਨਹੀਂ ਹੈ।