India

ਜਨਮ ਅਸ਼ਟਮੀ ਮੌਕੇ ਨਤਮਸਤਕ ਹੋਣ ਗਏ ਲੋਕ ਨਾ ਮੁੜੇ

ਦ ਖ਼ਾਲਸ ਬਿਊਰੋ : ਵਰਿੰਦਾਵਨ ਦੇ ਬਾਂਕੇ ਬਿਹਾਰੀ ਮੰਦਿਰ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਉਣ ਅਤੇ ਮੰਗਲਾ ਆਰਤੀ ਵਿੱਚ ਸ਼ਾਮਿਲ ਹੋਣ ਦੇ ਲਈ ਸ਼ੁੱਕਰਵਾਰ ਰਾਤ ਮੰਦਿਰ ਅਤੇ ਆਸ ਪਾਸ ਇਕੱਠੇ ਹੋਏ ਸ਼ਰਧਾਲੂਆਂ ਦੀ ਭੀੜ ਅਤੇ ਹੁੰਮਸ ਦੀ ਵਜ੍ਹਾ ਕਰਕੇ ਦੋ ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਭੀੜ ਅਤੇ ਹੁੰਮਸ ਦੇ ਚੱਲਦਿਆਂ ਮੰਦਿਰ ਦੇ ਪ੍ਰਵੇਸ਼ ਦੁਆਰ ਉੱਤੇ ਇੱਕ ਸ਼ਰਧਾਲੂ ਬੇਹੋਸ਼ ਹੋ ਗਿਆ, ਜਿਸਦੇ ਚੱਲਦਿਆਂ ਲੋਕਾਂ ਨੂੰ ਰੋਕਣਾ ਪਿਆ। ਇਸ ਦੌਰਾਨ ਮੰਦਿਰ ਕੰਪਲੈਕਸ ਵਿੱਚ ਮੌਜੂਦ ਸ਼ਰਧਾਲੂਆਂ ਨੂੰ ਹੁੰਮਸ ਕਰਕੇ ਘੁਟਣ ਹੋਣ ਲੱਗੀ ਜਿਸ ਕਰਕੇ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ। ਉੱਥੇ ਹੀ ਕਈ ਲੋਕਾਂ ਨੂੰ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ।

ਬਾਂਕੇ ਬਿਹਾਰੀ ਮੰਦਰ ਵਿਚ ਰਾਤ 12 ਵਜੇ ਸ਼੍ਰੀ ਕ੍ਰਿਸ਼ਨ ਦਾ ਅਭਿਸ਼ੇਕ ਕੀਤਾ ਗਿਆ। ਇਸ ਦੇ ਬਾਅਦ ਉਨ੍ਹਾਂ ਦਾ ਸ਼ਿੰਗਾਰ ਹੋਇਆ। ਇਸ ਦੌਰਾਨ ਦਰਵਾਜ਼ੇ ਬੰਦ ਸਨ। ਭਗਤ ਮੰਦਰ ਦੇ ਵਿਹੜੇ ਵਿਚ ਇਕੱਠੇ ਹੁੰਦੇ ਰਹੇ। 1.45 ਵਜੇ ਦਰਵਾਜ਼ੇ ਦੁਬਾਰਾ ਖੋਲ੍ਹੇ ਗਏ। 1.55 ‘ਤੇ ਮੰਗਲਾ ਆਰਤੀ ਸ਼ੁਰੂ ਹੋਈ। ਮੰਦਰ ਦੇ ਵਿਹੜੇ ਵਿਚ ਇਕੱਠੇ 800 ਭਗਤ ਆ ਸਕਦੇ ਹਨ। ਪਰ ਉਥੇ ਸਮਰੱਥਾ ਤੋਂ ਕਈ ਗੁਣਾ ਵੱਧ ਸ਼ਰਧਾਲੂ ਪਹੁੰਚ ਗਏ ਸਨ। ਭੀੜ ਵੱਧ ਹੋਣ ਕਾਰਨ ਕੁਝ ਸ਼ਰਧਾਲੂਆਂ ਦਾ ਦਮ ਘੁਟਣ ਲੱਗਾ।

ਸੂਤਰਾਂ ਦੀ ਜਾਣਕਾਰੀ ਮੁਤਾਬਕ ਬਾਂਕੇ ਬਿਹਾਰੀ ਮੰਦਰ ਦੇ ਸੇਵਾਦਾਰਾਂ ਦਾ ਦਾਅਵਾ ਹੈ ਕਿ ਅਫਸਰ ਵੀਆਈਪੀ ਵਿਵਸਥਾ ਵਿਚ ਬਿਜ਼ੀ ਰਹੇ। ਅਫਸਰਾਂ ਦੇ ਪਰਿਵਾਰ ਦੇ ਲੋਕ ਛੱਤ ‘ਤੇ ਬਣੀ ਬਾਲਕਨੀ ਵਿਚ ਦਰਸ਼ਨ ਕਰ ਰਹੇ ਸਨ। ਉਤਰੀ ਮੰਜ਼ਿਲ ਦੇ ਗੇਟ ਬੰਦ ਕਰਾਏ ਗਏ ਸਨ। 2 ਵਜੇ ਮੰਗਲਾ ਆਰਤੀ ਸ਼ੁਰੂ ਹੋਣ ਦੇ ਬਾਅਦ ਭਗਤਾਂ ਦੀ ਭੀੜ ਵੱਧ ਗਈ। ਲੋਕ ਬੇਹੋਸ਼ ਹੋਣ ਲੱਗੇ। ਮਥੁਰਾ ਜ਼ਿਲ੍ਹੇ ਦੇ ਐੱਸਐੱਸਪੀ ਅਭਿਸ਼ੇਕ ਯਾਦਵ ਦਾ ਕਹਿਣਾ ਹੈ ਕਿ ਮੰਦਰ ਵਿਚ ਸੀਸੀਟੀਵੀ ਕੈਮਰੇ ਲੱਗੇ ਹਨ ਜੇਕਰ ਅਜਿਹਾ ਹੋਇਆ ਹੋਵੇਗਾ ਤਾਂ ਕੈਮਰਿਆਂ ਵਿਚ ਸਭ ਰਿਕਾਰਡ ਹੋਵਗਾ।

ਉਨ੍ਹਾਂ ਨੇ ਕਿਹਾ ਕਿ ਜਨਮ ਅਸ਼ਟਮੀ ਤੋਂ ਬਾਅਦ ਬਾਂਕੇ ਬਿਹਾਰੀ ਮੰਦਿਰ ਵਿੱਚ ਮੰਗਲਾ ਆਰਤੀ ਦੌਰਾਨ ਭਗਤਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਠਾਕੁਰ ਬਾਂਕੇ ਬਿਹਾਰੀ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਭੀੜ ਕਾਰਨ ਮੰਦਿਰ ਵਿੱਚ ਪੈਰ ਰੱਖਣ ਤੱਕ ਦੀ ਜਗ੍ਹਾ ਵੀ ਨਹੀਂ ਸੀ। ਇਸ ਦੇ ਚੱਲਦਿਆਂ ਮੰਦਿਰ ਕੰਪਲੈਕਸ ਵਿੱਚ ਮੌਜੂਦ ਲੋਕਾਂ ਨੂੰ ਘੁਟਣ ਹੋਣ ਲੱਗੀ। ਜਿਸ ਤੋਂ ਬਾਅਦ ਲੋਕਾਂ ਨੂੰ ਦਿੱਕਤ ਹੋਣ ਲੱਗੀ ਅਤੇ ਦੋ ਲੋਕਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਸਿਹਤ ਖਰਾਬ ਹੋਣ ਕਰਕੇ ਕੁਝ ਹੋਰ ਲੋਕਾਂ ਨੂੰ ਅਲੱਗ ਅਲੱਗ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਇਸ ਹਾਦਸੇ ਵਿੱਚ ਆਪਣਾ ਦੁੱਖ ਪ੍ਰਗਟ ਕੀਤਾ ਹੈ। ਉਹਨਾਂ ਨੇ ਟਵੀਟ ਕਰਕੇ ਲਿਖਿਆ ਕਿ ਮਥੁਰਾ ਦੇ ਸ੍ਰੀ ਬਾਂਕੇ ਬਿਹਾਰੀ ਮੰਦਿਰ ਕੰਪਲੈਕਸ ਵਿੱਚ ਹਾਦਸੇ ਵਿੱਚ ਹੋਈਆਂ ਮੌਤਾਂ ਬੇਹੱਦ ਦਿਲ ਕੰਬਾਊ ਹਨ। ਅਧਿਕਾਰੀਆਂ ਨੂੰ ਜ਼ਖਮੀਆਂ ਦੇ ਢੁੱਕਵੇਂ ਇਲਾਜ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਅਰਦਾਸ ਕੀਤੀ ਕਿ ਮੇਰੀ ਸੰਵੇਦਨਾ ਦੁਖੀ ਪਰਿਵਾਰ ਦੇ ਮੈਂਬਰਾਂ ਨਾਲ ਹੈ। ਪ੍ਰਮਾਤਮਾ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਦੇਵੇ ਅਤੇ ਦੁਖੀ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।