ਬਿਉਰੋ ਰਿਪੋਰਟ – ਅੱਜ ਕਿਸਾਨਾਂ ਦੇ ਵੱਲੋਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੂਰਾ ਪੰਜਾਬ ਬੰਦ ਕਰਨ ਦੀ ਜੋ ਕਾਲ ਦਿੱਤੀ ਗਈ ਸੀ ਉਸ ਨੂੰ ਨੇਪਰੇ ਚਾੜਨ ਦੇ ਲਈ ਪੂਰੇ ਪੰਜਾਬ ਭਰ ਦੇ ਵਿੱਚ ਨੈਸ਼ਨਲ ਹਾਈਵੇ ਤੇ ਹੋਰ ਵੱਡੀਆਂ ਸੜਕਾਂ ਦੇ ਉੱਤੇ ਕਿਸਾਨਾਂ ਦੇ ਵੱਲੋਂ ਬੈਰੀਗੇਟਿੰਗ ਕੀਤੀ ਗਈ ਅਤੇ ਪੰਜਾਬ ਬੰਦ ਨੂੰ ਅਮਲੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕੀਤੀ ਗਈ । ਮੋਹਾਲੀ ਦੇ ਵਿੱਚ ਥਾਂ-ਥਾਂ ਦੇ ਉੱਤੇ ਕਿਸਾਨਾਂ ਦੇ ਵੱਲੋਂ ਵੱਡੇ ਨਾਕੇ ਲਗਾਏ ਹੋਏ ਸਨ, ਜਿੱਥੇ ਆਮ ਲੋਕਾਂ ਨੂੰ ਬੇਸ਼ੱਕ ਨਹੀਂ ਲੰਘਣ ਦਿੱਤਾ ਜਾ ਰਿਹਾ ਸੀ ਪਰ ਜਿਨਾਂ ਨੂੰ ਕੋਈ ਮਜਬੂਰੀ ਸੀ ਜਾਂ ਕੋਈ ਐਮਰਜੈਂਸੀ ਸੀ, ਉਹਨਾਂ ਨੂੰ ਕਿਸੇ ਦੇ ਵੱਲੋਂ ਵੀ ਨਹੀਂ ਰੋਕਿਆ ਗਿਆ। ਸਭ ਨੂੰ ਪੁਖਤਾ ਪ੍ਰਮਾਣ ਦਿਖਾਏ ਜਾਣ ਤੋਂ ਬਾਅਦ ਦੇ ਵਿੱਚ ਜਾਣ ਦਿੱਤਾ ਜਾਂਦਾ ਰਿਹਾ।
ਕਿਸਾਨਾਂ ਦਾ ਪੰਜਾਬ ਬੰਦ ਦੀ ਕਾਲ ਨੂੰ ਲੈ ਕੇ ਤਰਕ ਇਹ ਰਿਹਾ ਕਿ ਸੂਬਾ ਤੇ ਕੇਂਦਰ ਸਰਕਾਰ ਦੋਵੇਂ ਹੀ ਰਲ ਕੇ ਪੰਜਾਬ ਦੀ ਕਿਸਾਨੀ ਤੇ ਪੰਜਾਬ ਦੇ ਮਜ਼ਦੂਰਾਂ ਨੂੰ ਖਤਮ ਕਰਨ ਦੇ ਵਿੱਚ ਲੱਗੀਆਂ ਹੋਈਆਂ ਹਨ ਤਾਂ ਜੋ ਪੰਜਾਬ ਦੀਆਂ ਜਮੀਨਾਂ ਖੋਹ ਕੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਦੇ ਦਿੱਤੀਆਂ ਜਾਣ ਤੇ ਉਹਨਾਂ ਦਾ ਮੁਨਾਫਾ ਕਰਵਾਇਆ ਜਾਵੇ। ਪਰ ਦੂਜੇ ਪਾਸੇ ਕਿਸਾਨਾਂ ਨੂੰ ਬਿਲਕੁਲ ਹਾਸ਼ੀਏ ਤੇ ਧੱਕਣ ਦੀ ਕੋਸ਼ਿਸ਼ ਹੋ ਰਹੀ ਹੈ। ਜਿਸ ਕਰਕੇ ਉਹਨਾਂ ਕੋਲ ਇਸ ਤਰ੍ਹਾਂ ਪੂਰਾ ਪੰਜਾਬ ਬੰਦ ਕਰਨ ਤੋਂ ਇਲਾਵਾ ਫਿਲਹਾਲ ਦੀ ਘੜੀ ਕੋਈ ਵੀ ਚਾਰਾ ਬਾਕੀ ਨਹੀਂ ਬਚਿਆ ਹੈ। ਇਸੇ ਦੇ ਚਲਦੇ ਉਹਨਾਂ ਦੇ ਵੱਲੋਂ ਅੱਜ ਪੰਜਾਬ ਪੱਧਰ ਦੇ ਉੱਤੇ ਇਹ ਸੰਘਰਸ਼ ਵਿੱਡਿਆ ਗਿਆ ਜੋ ਕਿ ਸ਼ਾਮ 4 ਵਜੇ ਤੱਕ ਸੀ ਅਤੇ ਉਸਨੂੰ ਪੂਰੇ ਪੰਜਾਬ ਭਰ ਦੇ ਵਿੱਚ ਭਰਵਾਂ ਹੁੰਗਾਰਾ ਮਿਲਿਆ। ਪੰਜਾਬ ਦੀਆਂ ਵੱਖੋ ਵੱਖ ਯੂਨੀਅਨ ਤੇ ਹੋਰ ਜਥੇਬੰਦੀਆਂ ਦੇ ਵੱਲੋਂ ਵੀ ਕਿਸਾਨਾਂ ਦਾ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਗਿਆ ਸੀ ਤੇ ਉਹਨਾਂ ਨੇ ਅੱਜ ਅੱਗੇ ਹੋ ਕੇ ਇਸ ਪੂਰੇ ਪੰਜਾਬ ਬੰਦ ਦੇ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ ਤੇ ਕਿਸਾਨਾਂ ਦਾ ਸਾਥ ਦਿੱਤਾ। ਇੱਕਾ ਦੁੱਕਾ ਥਾਵਾਂ ਦੇ ਉੱਤੇ ਆਮ ਲੋਕ ਕਿਸਾਨਾਂ ਦੇ ਨਾਲ ਗੁੱਸਾ ਹੁੰਦੇ ਦਿਖਾਈ ਦਿੱਤੇ ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਜਾਣ ਬੁਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਜੇਕਰ ਕਿਸਾਨ ਆਪਣੀਆਂ ਮੰਗਾਂ ਮਨਵਾਉਣੀਆਂ ਚਾਹੁੰਦੇ ਨੇ ਤਾਂ ਸਿੱਧਾ ਜਾ ਕੇ ਕੇਂਦਰ ਜਾਂ ਪੰਜਾਬ ਸਰਕਾਰ ਦੇ ਨਾਲ ਮੱਥਾ ਲਾਇਆ ਜਾਵੇ, ਬਜਾਏ ਇਸ ਦੇ ਕਿ ਆਮ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਵੇ। ਤਾਂ ਇਸ ਦੇ ਉੱਤੇ ਵੀ ਕਿਸਾਨਾਂ ਨੇ ਇਹ ਤਰਕ ਦਿੱਤੇ ਕਿ ਅਸੀਂ ਸਭ ਕੁਝ ਕਰਕੇ ਵੇਖ ਲਿਆ ਤੇ ਜੇਕਰ ਅੰਨੀ ਬੋਲੀ ਸਰਕਾਰ ਦੇ ਕੰਨਾਂ ਤੱਕ ਇਹ ਗੱਲ ਪਹੁੰਚਾਉਣੀ ਹੈ ਤਾਂ ਸਾਡੇ ਕੋਲ ਇਸ ਤੋਂ ਬਿਨਾਂ ਹੋਰ ਕੋਈ ਵੀ ਹੱਲ ਨਹੀਂ ਹੈ ਉਹਨਾਂ ਕਿਹਾ ਕਿ ਸਾਨੂੰ ਵੀ ਪਤਾ ਹੈ ਕਿ ਆਮ ਲੋਕ ਇਸ ਦੇ ਨਾਲ ਪਰੇਸ਼ਾਨ ਹੁੰਦੇ ਨੇ ਪਰ ਜੇਕਰ ਸਾਡੇ ਨਾਲ ਪੰਜਾਬ ਦੇ ਲੋਕ ਵੀ ਇੱਕ ਦਿਨ ਦੇ ਲਈ ਤੰਗੀ ਝੱਲ ਲੈਣਗੇ ਤਾਂ ਇਹਦੇ ਨਾਲ ਸਾਡੇ ਸੰਘਰਸ਼ ਨੂੰ ਜਰੂਰ ਬਲ ਮਿਲੇਗਾ ਪਰ ਲੋਕਾਂ ਨੂੰ ਇਸ ਦਾ ਕੋਈ ਬਹੁਤਾ ਵੱਡਾ ਨੁਕਸਾਨ ਨਹੀਂ ਹੋਵੇਗਾ। ਕੁੱਲ ਮਿਲਾ ਕੇ ਅੱਜ ਸਵੇਰ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਦੇ ਇਸ ਪੰਜਾਬ ਬੰਦ ਨੂੰ ਪੂਰੇ ਸੂਬੇ ਦੇ ਵਿੱਚ ਭਰਵਾਂ ਹੁੰਗਾਰਾ ਮਿਲਿਆ ਤੇ ਆਮ ਲੋਕਾਂ ਨੇ ਵੀ ਡੱਟ ਕੇ ਕਿਸਾਨਾਂ ਦਾ ਸਾਥ ਦਿੱਤਾ।
ਇਹ ਵੀ ਪੜ੍ਹੋ – ਸੁਪਰੀਮ ਕੋਰਟ ਦੀ ਕਮੇਟੀ ਵੱਲੋਂ ਮੁੜ ਕਿਸਾਨਾਂ ਨੂੰ ਸੱਦਾ! ਇਸ ਦਿਨ ਹੋਵੇਗੀ ਮੀਟਿੰਗ