India

ਪਹਾੜਾਂ ‘ਚ ਘੁੰਮਣ ਦੇ ਸ਼ੌਕੀਨ ਹਵਾ ‘ਚ ਲਟਕੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੁਰਘਟਨਾ ਕਿਸੇ ਤਰ੍ਹਾਂ ਦੀ ਵੀ ਹੋਵੇ, ਮਾੜੀ ਹੀ ਹੁੰਦੀ ਹੈ… ਨੁਕਸਾਨ-ਦੇਹ ਅਤੇ ਜਾਨਲੇਵਾ। ਕੁਦਰਤੀ ਆਫ਼ਤ ਅੱਗੇ ਤਾਂ ਕਿਸੇ ਦਾ ਜ਼ੋਰ ਨਹੀਂ ਚੱਲਦਾ, ਪਰ ਮਨੁੱਖੀ ਗ਼ਲਤੀ ਨਾਲ ਹੋਣ ਵਾਲੀ ਦੁਰਘਟਨਾ ਸਮੇਂ ਸਿਰ ਚੁੱਕੇ ਕਦਮਾਂ ਨਾਲ ਟਾਲੀ ਵੀ ਜਾ ਸਕਦੀ ਹੈ ਅਤੇ ਰੋਕੀ ਵੀ। ਐਡਵੈਂਚਰ ਦਾ ਸ਼ੌਂਕ ਰੱਖਣ ਵਾਲੇ ਲੋਕ ਜਿੱਥੇ ਕੁਦਰਤ ਦੇ ਅਥਾਹ ਖ਼ਜ਼ਾਨੇ ਦਾ ਲੁਤਫ਼ ਲੈਂਦੇ ਹਨ, ਉੱਥੇ ਕਈ ਵਾਰੀ ਮੁਸ਼ਕਿਲਾਂ ਵਿੱਚ ਵੀ ਫਸ ਜਾਂਦੇ ਹਨ। ਅੱਜ ਖ਼ਬਰ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਪਰਵਾਣੂ ਤੋਂ ਆਈ ਹੈ, ਜਿੱਥੇ ਸੈਲਾਨੀਆਂ ਨਾਲ ਭਰੀ ਹੋਈ ਟਿੰਬਰ ਟਰੇਲ ਕਰੀਬ 500 ਤੋਂ 700 ਮੀਟਰ ਤੱਕ ਦੀ ਉੱਚਾਈ ਉੱਤੇ ਫਸ ਗਈ ਹੈ। ਟਿੰਬਰ ਟਰੇਲ ਵਿੱਚ ਕਰੀਬ ਅੱਠ ਲੋਕ ਫਸੇ ਹੋਏ ਹਨ। ਲੋਕਾਂ ਨੂੰ ਬਚਾਉਣ ਲਈ ਫ਼ੌਜ ਦੀ ਮਦਦ ਲੈਣ ਦੀ ਜਾਣਕਾਰੀ ਮਿਲ ਰਹੀ ਹੈ। ਫ਼ੌਜ ਨੇ ਮਦਦ ਲਈ ਆਪਣੀ ਇੱਕ ਟੁਕੜੀ ਤਿਆਰ ਕਰਕੇ ਰੱਖੀ ਵੀ ਹੋਈ ਹੈ। ਹਾਲਾਂਕਿ, ਰਾਹਤ ਦੀ ਗੱਲ ਹੈ ਕਿ ਇੱਕ ਯਾਤਰੀ ਨੂੰ ਰੱਸੀ ਰਾਹੀਂ ਸੁਰੱਖਿਅਤ ਕੱਢ ਲਿਆ ਗਿਆ ਹੈ।

ਟਿੰਬਰ ਟਰੇਲ ਵਿੱਚ ਫਸੇ ਹੋਏ ਲੋਕਾਂ ਨੇ ਇੱਕ ਵੀਡੀਓ ਬਣਾ ਕੇ ਦੱਸਿਆ ਕਿ ਉਹ ਕਰੀਬ ਇੱਕ ਘੰਟੇ ਤੋਂ ਟਿੰਬਰ ਟਰੇਲ ਵਿੱਚ ਫਸੇ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਟਿੰਬਰ ਟਰੇਲ ਵਿੱਚ ਬਜ਼ੁਰਗ ਵੀ ਹਨ। ਲੋਕਾਂ ਨੇ ਰੱਸੀ ਦੇ ਸਹਾਰੇ ਬਾਹਰ ਨਿਕਲਣ ਤੋਂ ਸਾਫ਼ ਮਨਾ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਨੇ ਕਿਹਾ ਹੈ ਕਿ ਖਾਈ ਬਹੁਤ ਡੂੰਘੀ ਹੈ ਅਤੇ ਉਹ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦੇ ਹਨ।

ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਕਈਆਂ ਦੀ ਮੌਤ ਵੀ ਹੋ ਚੁੱਕੀ ਹੈ। ਇਸੇ ਤਰ੍ਹਾਂ ਦੀ ਘਟਨਾ 29 ਸਾਲ ਪਹਿਲਾਂ ਚੰਡੀਗੜ੍ਹ ਤੋਂ ਸਿਰਫ਼ 25 ਤੋਂ 28 ਕਿਲੋਮੀਟਰ ਦੂਰ ਕਾਲਕਾ ਦੇ ਟਿੰਬਰ ਟਰੇਲ ਵਿੱਚ ਵਾਪਰੀ ਸੀ। ਉਦੋਂ ਕੇਬਲ ਕਾਰ ‘ਚ 11 ਲੋਕ ਫਸ ਗਏ ਸਨ। ਇਸ ਹਾਦਸੇ ‘ਚ ਇਕ ਦੀ ਮੌਤ ਹੋ ਗਈ ਸੀ, ਜਦਕਿ ਫੌਜ ਦੀ ਮਦਦ ਨਾਲ ਬਾਕੀ 10 ਲੋਕਾਂ ਨੂੰ ਬਚਾ ਲਿਆ ਗਿਆ ਸੀ।

ਇਹ ਕੇਬਲ ਕਾਰ ਹਾਦਸਾ 14 ਅਕਤੂਬਰ 1992 ਨੂੰ ਟਿੰਬਰ ਟ੍ਰੇਲ ਵਿੱਚ ਵਾਪਰਿਆ ਸੀ। ਜਾਣਕਾਰੀ ਮੁਤਾਬਕ ਹਾਦਸੇ ਸਮੇਂ ਕੇਬਲ ਕਾਰ ‘ਚ 11 ਲੋਕ ਸਵਾਰ ਸਨ। ਇਨ੍ਹਾਂ ਵਿੱਚ 10 ਸੈਲਾਨੀ ਅਤੇ ਇੱਕ ਆਪਰੇਟਰ ਮੌਜੂਦ ਸੀ। ਵਿਚਕਾਰੋਂ ਅਚਾਨਕ ਜ਼ੋਰਦਾਰ ਝਟਕਾ ਲੱਗਣ ਕਾਰਨ ਕੇਬਲ ਦੀ ਰੱਸੀ ਟੁੱਟ ਗਈ ਅਤੇ ਇਹ ਇੱਕ ਹੋਰ ਰੱਸੀ ਵਿੱਚ ਫਸ ਗਈ। ਇਸ ਦੌਰਾਨ ਚਾਲਕ ਨੇ ਟਰਾਲੀ ਤੋਂ ਛਾਲ ਮਾਰ ਦਿੱਤੀ ਅਤੇ ਕਈ ਮੀਟਰ ਡੂੰਘੀ ਖਾਈ ਵਿੱਚ ਡਿੱਗਣ ਨਾਲ ਉਸ ਦੀ ਮੌਤ ਹੋ ਗਈ ਸੀ। ਬਾਅਦ ਵਿਚ ਫੌਜ ਦੀ ਮਦਦ ਨਾਲ ਬਚਾਅ ਮੁਹਿੰਮ ਚਲਾਈ ਗਈ ਅਤੇ ਸਾਰੇ 10 ਸੈਲਾਨੀਆਂ ਨੂੰ ਬਚਾ ਲਿਆ ਗਿਆ। ਕੇਬਲ ਕਾਰ ‘ਚ ਫਸੇ ਲੋਕਾਂ ਨੂੰ ਕੱਢਣ ਲਈ ਹਿਮਾਚਲ ਦੇ ਨਾਹਨ ਦੀ ਪੈਰਾਸ਼ੂਟ ਰੈਜੀਮੈਂਟ ਅਤੇ ਭਾਰਤੀ ਹਵਾਈ ਫ਼ੌਜ ਨੇ ਹੈਲੀਕਾਪਟਰ ਦੀ ਮਦਦ ਨਾਲ ਬਚਾਅ ਮੁਹਿੰਮ ਚਲਾਈ ਸੀ। ਬਚਾਅ ਕਾਰਜ ਦੌਰਾਨ ਹਨੇਰਾ ਹੋਣ ਕਾਰਨ ਪਹਿਲਾਂ ਸਿਰਫ਼ ਅੱਧੇ ਮੁਸਾਫ਼ਰਾਂ ਨੂੰ ਕੇਬਲ ਕਾਰ ਰਾਹੀਂ ਬਚਾਇਆ ਜਾ ਸਕਿਆ, ਬਾਕੀਆਂ ਨੂੰ ਟਰਾਲੀ ਵਿੱਚ ਰਾਤ ਕੱਟਣੀ ਪਈ।

ਚੰਡੀਗੜ੍ਹ-ਸ਼ਿਮਲਾ ਹਾਈਵੇਅ ‘ਤੇ ਸਥਿਤ ਹਿਮਾਚਲ ਦੇ ਸੋਲਨ ਜ਼ਿਲ੍ਹੇ ਦੇ ਪਰਵਾਣੂ ਵਿੱਚ ਟਿੰਬਰ ਟ੍ਰੇਲ ਨਾਮ ਦੀ ਇੱਕ ਕੇਬਲ ਕਾਰ ਹੈ। ਹਾਈਵੇਅ ਦੇ ਨਾਲ ਹੀ ਇਕ ਹੋਟਲ ਹੈ, ਜੋ ਕਿ ਪਹਾੜੀ ‘ਤੇ ਬਣਿਆ ਹੋਇਆ ਹੈ। ਇੱਥੇ ਕੇਬਲ ਕਾਰ ਰਾਹੀਂ ਪਹਾੜੀ ‘ਤੇ ਆਵਾਜਾਈ ਹੁੰਦੀ ਹੈ। ਇਸ ਦੇ ਨਾਲ ਹੀ ਪਹਾੜੀ ਦੇ ਨਾਲ ਬਣੇ ਪਿੰਡ ਦੇ ਲੋਕ ਵੀ ਆਉਣ-ਜਾਣ ਲਈ ਇਸ ਕੇਬਲ ਕਾਰ ਦੀ ਵਰਤੋਂ ਕਰਦੇ ਹਨ। ਇਸ ਰੋਪਵੇਅ ਵਿੱਚ ਦੋ ਕੇਬਲ ਕਾਰਾਂ ਹਨ।

ਤਾਰ ‘ਤੇ ਚੱਲਣ ਵਾਲੀ ਟਰਾਲੀ ਦੇਖਣ ਨੂੰ ਹੀ ਬੜੀ ਭਿਆਨਕ ਲੱਗਦੀ ਹੈ, ਕਿਉਂਕਿ ਇੱਕ ਪਹਾੜ ਤੋਂ ਦੂਜੇ ਪਹਾੜ ਤੱਕ ਪਹੁੰਚਣ ਸਮੇਂ ਹੇਠ ਬਹੁਤ ਹੀ ਖ਼ਤਰਨਾਕ ਡੂੰਘੀ ਖੱਡ ਹੁੰਦੀ ਹੈ, ਜਿਸ ਅੰਦਰ ਡਿੱਗ ਕੇ ਬਚਣਾ ਆਸਾਨ ਨਹੀਂ ਹੈ।