Punjab

ਲਾਕਡਾਊਨ ਦੌਰਾਨ ਲੋਕਾਂ ਦੀ ਹੋ ਰਹੀ ਹੈ ਸ਼ਰੇਆਮ ਲੁੱਟ: ਸੋਨੀਆ ਗਾਂਧੀ

‘ਦ ਖ਼ਾਲਸ ਬਿਊਰੋ :-  ਪਿਛਲੇਂ ਕਈ ਦਿਨਾਂ ਤੋਂ ਪੈਟਰੋਲ ਤੇ ਡੀਜ਼ਲ ਕੀਮਤਾਂ ਵਿੱਚ ਹੋ ਰਹੇ ਵਾਧੇ ਖ਼ਿਲਾਫ਼ ਕਾਂਗਰਸ ਪਾਰਟੀ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਦੇਸ਼ ਵਿਆਪੀ ਪ੍ਰਦਰਸ਼ਨ ਕੀਤੇ ਗਏ। 29 ਜੂਨ ਨੂੰ ਕਾਂਗਰਸ ਪਾਰਟੀ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਨੇ ਕੇਂਦਰ ਤੋਂ ਮੰਗ ਕੀਤੀ ਹੈ ਕਿ ਵੱਧ ਰਹੀਆਂ ਤੇਲ ਕੀਮਤਾਂ ਵਿੱਚ ਵਾਧਾ ਵਾਪਸ ਲਿਆ ਜਾਵੇਂ।

ਕਾਂਗਰਸ ਪਾਰਟੀ ਵੱਲੋਂ ਤੇਲ ਕੀਮਤਾਂ ਨੂੰ ਲੈ ਕੇ ਚਲਾਈ ਗਈ ‘ਸਪੀਕ ਅੱਪ’ ਮੁਹਿੰਮ ਵਿੱਚ ਹਿੱਸਾ ਲੈਂਦਿਆਂ ਸੋਨੀਆ ਗਾਂਧੀ ਨੇ ਵੀਡੀਓ ਕਾਨਫਰੈਂਸ ਰਾਹੀਂ ਸਰਕਾਰ ਨੂੰ ਕੋਰੋਨਾਵਾਇਰਸ ਸੰਕਟ ਕਾਰਨ ਪਹਿਲਾਂ ਹੀ ਵਿੱਤੀ ਤੌਰ ’ਤੇ ਤੰਗ ਲੋਕਾਂ ਦਾ ਬੋਝ ਘਟਾਊਣ ਲਈ ਟੈਕਸਾਂ ’ਤੇ ਕੱਟ ਲਾਊਣ ਲਈ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, ‘‘ਮੈਂ ਕਾਂਗਰਸ ਵਰਕਰਾਂ ਤੇ ਨਾਗਰਿਕਾਂ ਸਮੇਤ ਇਸ ਮੁਸ਼ਕਲ ਸਮੇਂ ਵਿੱਚ ਪੈਟਰੋਲ ਤੇ ਡੀਜ਼ਲ ਕੀਮਤਾਂ ਵਿੱਚ ਕੀਤਾ ਵਾਧਾ ਵਾਪਸ ਲਏ ਜਾਣ ਦੀ ਮੰਗ ਕਰਦੀ ਹਾਂ।’’ ਅਤੇ ਇਸ ਦੇ ਨਾਲ ਹੀ ਉਨ੍ਹਾਂ ਇਹ ਦੋਸ਼ ਲਾਇਆ ਕਿ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ‘ਅਸੰਵੇਦਨਸ਼ੀਲ’ ਹੈ, ਜਿਸ ਕਾਰਨ ਪਿਛਲੇ ਤਿੰਨ ਮਹੀਨਿਆਂ ਵਿੱਚ 22 ਵਾਰ ਤੇਲ ਕੀਮਤਾਂ ’ਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ, ‘‘ਸਰਕਾਰ ਨੇ 2014 ਤੋਂ ਹੁਣ ਤੱਕ 18 ਲੱਖ ਕਰੋੜ ਰੁਪਏ ਵਾਧੂ ਕਮਾਏ ਹਨ ਜਦਕਿ ਦੁਨੀਆ ਭਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਹੇਠਾਂ ਆਈਆਂ ਹਨ।’’ ਉਨ੍ਹਾਂ ਕਿਹਾ ਕਿ ਕੌਮੀ ਰਾਜਧਾਨੀ ਤੇ ਹੋਰ ਵੱਡੇ ਸ਼ਹਿਰਾਂ ਵਿੱਚ ਤੇਲ ਕੀਮਤਾਂ 80 ਰੁਪਏ ਪ੍ਰਤੀ ਲਿਟਰ ਪਾਰ ਕਰ ਗਈਆਂ ਹਨ।

29 ਜੂਨ ਨੂੰ ਦੇਸ਼ ਭਰ ‘ਚ ਕਾਂਗਰਸ ਵਰਕਰਾਂ ਨੇ ਵੱਖ-ਵੱਖ ਸ਼ਹਿਰਾਂ ਵਿੱਚ ਬੈਲ-ਗੱਡੀਆਂ, ਸਾਈਕਲਾਂ ਤੇ ਹੋਰ ਸਾਧਨਾਂ ਰਾਹੀਂ ਸਰਕਾਰ ਖ਼ਿਲਾਫ਼ ਰੋਸ ਪ੍ਰਦਸ਼ਨ ਤੇ ਮੁਜ਼ਾਹਰੇ ਕੱਢੇ। ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਇਹ ਪ੍ਰਦਰਸ਼ਨ ਪੰਜ ਦਿਨ ਚੱਲਣਗੇ। ਉਨ੍ਹਾਂ ਕਿਹਾ, ‘‘ਤੇਲ ਕੀਮਤਾਂ ਵਿੱਚ ਕੀਤੇ ਵਾਧੇ ਖ਼ਿਲਾਫ਼ ਕਾਂਗਰਸ ਪਾਰਟੀ ਵਲੋਂ ਸ਼ੁਰੂ ਕੀਤੇ ਦੇਸ਼ਵਿਆਪੀ ਪ੍ਰਦਰਸ਼ਨ ਦਾ ਹਿੱਸਾ ਬਣਦਿਆਂ ਮੈਂ ਸਾਈਕਲ ਚਲਾ ਕੇ ਸੰਸਦ ਭਵਨ ਤੱਕ ਆਇਆ।’’

ਮੁਨਾਫ਼ਾ ਕਮਾਊਣਾ ਬੰਦ ਕਰੋ

ਕਾਂਗਰਸ ਦੇ ਸਾਬਕਾ ਲੀਡਰ ਰਾਹੁਲ ਗਾਂਧੀ ਨੇ ਸਰਕਾਰ ਨੂੰ ਤੇਲ ਕੀਮਤਾਂ ਵਿੱਚ ਕੀਤੇ ਵਾਧੇ ਤੋਂ ਮੁਨਾਫ਼ਾ ਕਮਾਊਣ ਨੂੰ ਬੰਦ ਕਰਨ ਲਈ ਕਿਹਾ ਅਤੇ ਪੈਟਰੋਲ ਤੇ ਡੀਜ਼ਲ ਦੇ ਵਾਧੇ ਵਾਪਸ ਲਏ ਜਾਣ ਦੀ ਮੰਗ ਕੀਤੀ। ਇੱਥੇ ਜਾਰੀ ਵੀਡੀਓ ਰਾਹੀਂ ਰਾਹੁਲ ਨੇ ਕਿਹਾ,‘ ‘ਡੀਜ਼ਲ ਤੇ ਪੈਟਰੋਲ ਕੀਮਤਾਂ ਵਿੱਚ ਵਾਧੇ ਦਾ ਦੂਹਰਾ ਅਸਰ ਹੁੰਦਾ ਹੈ। ਪਹਿਲਾਂ, ਇਸ ਦੀ ਸਿੱਧੀ ਅਦਾਇਗੀ ਹੁੰਦੀ ਹੈ ਤੇ ਦੂਜਾ ਇਸ ਨਾਲ ਜ਼ਰੂਰੀ ਵਸਤਾਂ ਸਣੇ ਖ਼ਪਤਕਾਰਾਂ ਦੀ ਵਰਤੋਂ ਵਾਲੇ ਉਤਪਾਦਾਂ ਦੇ ਭਾਅ ਵਧਦੇ ਹਨ।’’ ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਨੇ ਵੱਡੇ ਲੋਕਾਂ ਦੇ ਕਰਜ਼ੇ ਮੁਆਫ਼ ਕਰ ਦਿੱਤੇ ਹਨ ਤੇ ਦੂਜੇ ਪਾਸੇ ਇਹ ਗਰੀਬਾਂ ਤੇ ਕਿਸਾਨਾਂ ’ਤੇ ਵਾਧੂ ਬੋਝ ਪਾ ਕੇ ਤੇਲ ਕੀਮਤਾਂ ਤੋਂ ਮੁਨਾਫ਼ਾ ਕਮਾਊਣ ਦੀ ਕੋਸ਼ਿਸ਼ ਕਰ ਰਹੀ ਹੈ।