‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਤਾਲਾਬੰਦੀ ਦੀ ਮਾਰ ਨੇ ਲੋਕਾਂ ਦਾ ਆਰਥਿਕ ਤੇ ਮਾਨਸਿਕ ਪੱਧਰ ‘ਤੇ ਜੋ ਹਾਲ ਕੀਤਾ ਹੈ, ਉਸਨੂੰ ਠੀਕ ਹੋਣ ਵਿੱਚ ਹਾਲੇ ਹੋਰ ਸਮਾਂ ਲੱਗੇਗਾ। ਕੋਰੋਨਾ ਮਹਾਮਾਰੀ ਫਿਰ ਆਪਣੇ ਪੈਰ ਪਸਾਰ ਰਹੀ ਹੈ ਤੇ ਲੋਕਾਂ ਨੂੰ ਚਿੰਤਾ ਹੈ ਕਿ ਜੇ ਇਹੀ ਹਾਲ ਰਹੇ ਤਾਂ ਉਨ੍ਹਾਂ ਦਾ ਦਾਲ ਫੁਲਕਾ ਕਿਵੇਂ ਚੱਲੇਗਾ। ਨੌਕਰੀ, ਬੱਚਿਆਂ ਦੀ ਪੜ੍ਹਾਈ ਤੇ ਹੋਰ ਸਮੱਸਿਆਵਾਂ ਨਾਲ ਘਿਰੇ ਲੋਕ ਇਸ ਪਰੇਸ਼ਾਨੀ ਤੋਂ ਨਿਜਾਤ ਪਾਉਣ ਲਈ ਨਸ਼ੇ ਵਰਗੀ ਹਾਲਤ ਵਿੱਚ ਰਹਿਣ ਲਈ ਮਜ਼ਬੂਰ ਹੋ ਰਹੇ ਹਨ।
ਅਮਰੀਕਾ ਦੇ ਸਮਾਜਿਕ ਹਾਲਾਤਾਂ ਦੇ ਕਾਰਨਾਂ ਦੀ ਪੜਚੋਲ ਕਰਨ ਵਾਲਿਆਂ ਵਲੋਂ ਪੇਸ਼ ਕੀਤੇ ਗਏ ਸਰਵੇ ਅਨੁਸਾਰ ਅਮਰੀਕਾ ਵਿਚ ਇਨ੍ਹਾਂ ਦਿਨਾਂ ਵਿੱਚ ਲੋਕਾਂ ਨੂੰ ਸ਼ਰਾਬ ਪੀਣ ਦੀ ਆਦਤ ਵਧ ਰਹੀ ਹੈ। ਸਭ ਤੋਂ ਜ਼ਿਆਦਾ ਪ੍ਰਭਾਵਿਤ ਮਹਿਲਾਵਾਂ ਅਤੇ ਛੋਟੇ ਬੱਚਿਆਂ ਦੇ ਮਾਤਾ ਪਿਤਾ ਹਨ। ਅਮਰੀਕਾ ਵਿੱਚ ਕਈ ਲੋਕ ਹਨ ਜੋ ਬੱਚਿਆਂ ਦੇ ਭਵਿੱਖ ਅਤੇ ਨੌਕਰੀ ਨੂੰ ਲੈ ਕੇ ਚਿੰਤਾਂ ਵਿੱਚ ਘਿਰੇ ਹੋਏ ਹਨ। ਇਹ ਅਮਰੀਕਾ ਵਾਲੇ ਧਨਾਡ ਦੇਸ਼ ਦਾ ਹਾਲ ਹੈ, ਸੋਚੋ ਭਾਰਤ ਵਰਗੇ ਮੱਧਵਰਗੀ ਪਰਿਵਾਰਾਂ ਵਾਲੇ ਦੇਸ਼ਾਂ ਦਾ ਕੀ ਹਾਲ ਹੈ।
ਤਣਾਅ ਘੱਟ ਕਰਨ ਲਈ ਲੋਕ ਪੀ ਰਹੇ ਹਨ ਸ਼ਰਾਬ
ਅਮਰੀਕੀ ਮਨੋਵਿਗਿਆਨਕ ਸੰਗਠਨ ਦੁਆਰਾ ਕਰਾਏ ਸਰਵੇ ਵਿਚ ਫਰਵਰੀ ਤੱਕ ਦੇ ਅੰਕੜੇ ਦੱਸਦੇ ਹਨ ਕਿ ਹਰ 4 ਵਿਚੋਂ 1 ਅਮਰੀਕੀ ਬੀਤੇ ਸਾਲਾਂ ਦੀ ਤੁਲਨਾ ਵਿਚ ਜ਼ਿਆਦਾ ਸ਼ਰਾਬ ਪੀਣ ਲੱਗਾ ਹੈ, ਉਹ ਵੀ ਸਿਰਫ ਤਣਾਅ ਘੱਟ ਕਰਨ ਲਈ। ਇਹ ਅੰਕੜੇ 5 ਤੋਂ 7 ਸਾਲ ਦੇ ਬੱਚਿਆਂ ਦੇ ਮਾਤਾ ਪਿਤਾ ਦੇ ਜ਼ਿਆਦਾ ਹਨ। ਅਮਰੀਕਾ ਦੇ ਟੈਕਸਾਸ ਵਿਚ ਸ਼ਰਾਬ ਦੀ ਆਦਤ ਛੁਡਾਉਣ ਲਈ ਬਣਾਏ ਗਏ ਨਸ਼ਾ ਕੇਂਦਰਾਂ ਦਾ ਇਹ ਹਾਲ ਹੈ ਕਿ ਇੱਥੇ ਦੋ ਮਹੀਨੇ ਦੀ ਵੇਟਿੰਗ ਚੱਲ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਨਸ਼ਾ ਕਰਨ ਵਾਲੇ ਲੋਕ ਆਪਣੇ ਰੁਜ਼ਗਾਰ ਤੇ ਪਰਿਵਾਰ ਵਿਚਕਾਰ ਸੰਤੁਲਨ ਨਹੀਂ ਬਣਾ ਪਾ ਰਹੇ ਹਨ।
ਔਰਤਾਂ ਪੀ ਰਹੀਆਂ ਹਨ ਵੱਧ ਸ਼ਰਾਬ
ਅਕਤੂਬਰ 2020 ਵਿਚ ਕੀਤੇ ਗਏ ਇਸ ਸਰਵੇ ਵਿੱਚ ਖੁਲਾਸਾ ਹੋਇਆ ਹੈ ਕਿ ਅਮਰੀਕੀ 2019 ਦੀ ਤੁਲਨਾ ਵਿਚ 14 ਫੀਸਦ ਵੱਧ ਸ਼ਰਾਬ ਦਾ ਸੇਵਨ ਕਰਨ ਲੱਗੇ ਹਨ। ਇਸੇ ਸੋਧ ਵਿਚ ਜ਼ਿਆਦਾ ਸ਼ਰਾਬ ਪੀਣ ਜਾਂ ਕੁਝ ਘੰਟੇ ਦੇ ਅੰਤਰਾਲ ਵਿਚ ਚਾਰ ਤੋਂ ਜ਼ਿਆਦਾ ਡਰਿੰਕ ਲੈਣ ਵਾਲੀ 41 ਪ੍ਰਤੀਸ਼ਤ ਔਰਤਾਂ ਦਾ ਜ਼ਿਕਰ ਕੀਤਾ ਗਿਆ ਸੀ।
ਬੱਚਿਆਂ ਨੂੰ ਮੋਬਾਇਲ ਗੇਮਾਂ ਕਰ ਰਹੀਆਂ ਖਰਾਬ
ਤਕਰੀਬਨ ਭਾਰਤ ਵਾਂਗ ਸਾਰੇ ਦੇਸ਼ਾਂ ਵਿੱਚ ਆਨਲਾਈਨ ਤਰੀਕੇ ਨਾਲ ਪੜ੍ਹਾਈ ਨੂੰ ਜਾਰੀ ਰੱਖਣ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਪਰ ਇਨ੍ਹਾਂ ਕੋਸ਼ਿਸ਼ਾਂ ਤੇ ਇੰਟਰਨੈੱਟ ਦੀ ਲੋੜ ਤੋਂ ਵੱਧ ਵਰਤੋਂ ਨੇ ਬੱਚਿਆਂ ਨੂੰ ਇਸਦਾ ਆਦੀ ਬਣਾ ਦਿੱਤਾ ਹੈ। ਬੱਚੇ ਮੋਬਾਇਲ ਗੈਜੇਟਸ ‘ਤੇ ਜ਼ਿਆਦਾ ਸਮਾਂ ਬਤੀਤ ਕਰਦੇ ਹਨ। ਗੇਮਾਂ ਵੀ ਖੇਡਦੇ ਹਨ, ਜਿਸ ਨਾਲ ਉਨ੍ਹਾਂ ਦੀ ਸਿਹਤ ਤੇ ਮਾਨਸਿਕ ਸਥਿਤੀ ਉੱਪਰ ਬਹੁਤ ਮਾੜੇ ਪ੍ਰਭਾਵ ਪੈ ਰਹੇ ਹਨ। ਤਕਨੀਕ ਦੀ ਇਹ ਵਾਧੂ ਵਰਤੋਂ ਨੁਕਸਾਨਦੇਹ ਸਾਬਿਤ ਹੋ ਰਹੀ ਹੈ।