Punjab

ਪੰਜਾਬ ਦੇ ਲੋਕਾਂ ਵੱਲੋਂ ਸਿਆਸੀ ਲੀਡਰਾਂ ਦਾ ਆਪਣੇ ਘਰਾਂ ਤੋਂ ਵਿਰੋਧ ਸ਼ੁਰੂ

‘ਦ ਖ਼ਾਲਸ ਬਿਊਰੋ :- ਪੰਜਾਬ ਵਿੱਚ ਲੋਕਾਂ ਵੱਲੋਂ ਸਿਆਸੀ ਲੀਡਰਾਂ ਦਾ ਵਿਰੋਧ ਲਗਾਤਾਰ ਵੱਧ ਰਿਹਾ ਹੈ। ਪੰਜਾਬ ਵਿੱਚ ਲੋਕਾਂ ਨੇ ਸਿਆਸੀ ਲੀਡਰਾਂ ਦੇ ਘਰਾਂ ਦੇ ਬਾਹਰ ‘ਨੋ ਐਂਟਰੀ’ ਦੇ ਪੋਸਟਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਆਊਟਸੋਰਸਿੰਗ ਅਤੇ ਕੰਟਰੈਕਟ ਵਰਕਰਾਂ ਨੇ ਕੈਪਟਨ ਸਰਕਾਰ ਵੱਲੋਂ ਘਰ-ਘਰ ਨੌਕਰੀ ਦੇਣ ਦੇ ਵਾਅਦੇ ਪੂਰੇ ਨਾ ਕਰਨ, ਪਿਛਲੇ ਲੰਮੇ ਸਮੇਂ ਤੋਂ ਘੱਟ ਤਨਖਾਹਾਂ ’ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਆਊਟਸੋਰਸਿੰਗ/ ਕੰਟਰੈਕਟ ’ਤੇ ਕੰਮ ਕਰਦੇ ਵਰਕਰਾਂ ਨੂੰ ਪੱਕਾ ਕਰਨ ਦੀ ਥਾਂ ਵਿਭਾਗ ਦਾ ਨਿੱਜੀਕਰਨ ਕਰਨ ਦੇ ਰੋਸ ਵਜੋਂ ਆਪਣੇ ਘਰਾਂ ਦੇ ਬਾਹਰ ਸਿਆਸੀ ਲੀਡਰਾਂ ਲਈ ‘ਨੋ ਐਂਟਰੀ’ ਦੇ ਬੋਰਡ ਲਗਾ ਦਿੱਤੇ ਹਨ।

ਇਸ ਸਬੰਧੀ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਭੱਟੀ ਨੇ ਦੱਸਿਆਂ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ 3 ਵਾਰ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ, ਪਰ ਕੈਪਟਨ ਵੱਲੋਂ ਮੀਟਿੰਗ ਨਹੀਂ ਕੀਤੀ ਗਈ। ਇਸ ਦੇ ਰੋਸ ਵਜੋਂ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਵਾਲੀ ਸਬ-ਕਮੇਟੀ ਦੇ ਮੈਂਬਰ ‘ਕਮ ਕੈਬਨਿਟ’ ਮੰਤਰੀਆਂ ਨੂੰ ਫੀਲਡ ਵਿੱਚ ਆਉਣ ’ਤੇ ਕਾਲੀਆਂ ਝੰਡੀਆਂ ਦਿਖਾ ਕੇ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ।