‘ਦ ਖ਼ਾਲਸ ਬਿਊਰੋ :ਕਿਸਾਨ ਮੋਰਚੇ ‘ਤੋਂ ਨਾਮਣਾ ਖ਼ੱਟਣ ਵਾਲੇ ਪ੍ਰਸਿਧ ਪੰਜਾਬੀ ਅਦਾਕਾਰ ਦੀਪ ਸਿੱਧੂ,ਜ੍ਹਿਨਾਂ ਦੀ ਸੜ੍ਹਕ ਹਾਦਸੇ ‘ਚ ਹੋਈ ਮੌਤ ਨੇ ਸਾਰੇ ਪੰਜਾਬ ਨੂੰ ਇੱਕ ਗਹਿਰਾ ਸਦਮਾ ਦਿਤਾ ਹੈ,ਦੀ ਆਤਮਾ ਦੀ ਸ਼ਾਂਤੀ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਦਾ ਆਯੋਜਨ ਉਹਨਾਂ ਦੇ ਪਰਿਵਾਰ ਵੱਲੋਂ ਦੀਵਾਨ ਟੋਡਰ ਮੱਲ ਹਾਲ, ਫ਼ਤਿਹਗੜ ਸਾਹਿਬ ਵਿਖੇ ਕੀਤਾ ਗਿਆ। ਦੀਪ ਸਿੱਧੂ ਦਾ ਪੂਰਾ ਪਰਿਵਾਰ ਤੇ ਉਹਨਾਂ ਦੀ ਪਤਨੀ ਤੇ ਬੇਟੀ ਵੀ ਇਸ ਮੌਕੇ ਹਾਜ਼ਰ ਸਨ ਤੇ ਜ੍ਹਿਨਾਂ ਨੂੰ ਬਾਅਦ ਵਿੱਚ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ‘ਤੇ ਜਿਥੇ ਸਿੱਖ ਸਮਾਜ ਦੀਆਂ ਉਘੀਆਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ, ਉਥੇ ਲੱਖਾਂ ਦੀ ਗਿਣਤੀ ‘ਚ ਕਿਸਾਨਾਂ ਤੇ ਵੱਖ-ਵੱਖ ਸੰਗਠਨਾਂ ਦੇ ਵਰਕਰਾਂ ਦੇ ਨਾਲ-ਨਾਲ ਨੋਜਵਾਨਾਂ,ਬਜ਼ੁਰਗਾਂ,ਬੀਬੀਆਂ ਤੇ ਬੱਚਿਆਂ ਨੇ ਵੀ ਵੱਡੀ ਸੰਖਿਆ ਵਿੱਚ ਹਾਜ਼ਰੀ ਭਰੀ। ਸ਼ਰਧਾਂਜਲੀ ਸਮਾਗਮ ਦੀ ਸ਼ੁਰੂਆਤ ਵਿੱਚ ਪ੍ਰਸਿਧ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਤੇ ਹੋਰ ਕਈ ਢਾਡੀ ਜਥਿਆਂ ਨੇ ਵਾਰਾਂ ਪੇਸ਼ ਕਰ ਮਾਹੋਲ ਨੂੰ ਭਾਵੁਕ ਕਰ ਦਿਤਾ।
ਇਸ ਮੌਕੇ ਪ੍ਰਸਿਧ ਲੇਖਕ ਅਜਮੇਰ ਸਿੰਘ,ਇਤਿਹਾਸਕਾਰ ਡਾ. ਸੁਖਪ੍ਰੀਤ ਸਿੰਘ ਓਦੋਕੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ,ਭਾਈ ਬਲਜੀਤ ਸਿੰਘ ਖਾਲਸਾ ਨੇ ਆਈ ਸੰਗਤ ਨਾਲ ਆਪਣੇ ਵਿੱਚਾਰ ਸਾਂਝੇ ਕੀਤੇ। ਡਾ. ਸੁਖਪ੍ਰੀਤ ਸਿੰਘ ਓਧੋਕੇ ਨੇ ਦੀਪ ਸਿੱਧੂ ਨੂੰ ਸ਼ਰਧਾਜਲੀ ਭੇਂਟ ਕੀਤੀ ਤੇ ਉਸ ਨੂੰ ਇੱਕ ਇਮਾਨਦਾਰ ਅਤੇ ਸਾਫ ਅਕਸ ਦਾ ਮਾਲਿਕ ਦਸਿਆ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਦੀਪ ਸਿੱਧੂ ਦੀ ਸੋਚ ‘ਤੇ ਪਹਿਰਾ ਦੇਣ ਅਤੇ ਅਪਣਾਉਣ ਲਈ ਕਿਹਾ।
ਪ੍ਰਸਿਧ ਲੇਖਕ ਅਜਮੇਰ ਸਿੰਘ ਨੇ ਦੀਪ ਸਿੱਧੂ ਨੂੰ ਸ਼ਰਧਾਂਜ਼ਲੀ ਭੇਂਟ ਕਰਦਿਆਂ ਦੀਪ ਸਿੱਧੂ ਦੀ ਸੋਚ ਅਤੇ ਵਿਚਾਰਧਾਰਾ ਦੇ ਕਦੇ ਵੀ ਖਤਮ ਨਾ ਹੋਣ ਦੀ ਗੱਲ ਕੀਤੀ। ਦੀਪ ਸਿੱਧੂ ਦੀ ਸੰਤ ਭਿੰਡਰਾਂਵਾਲਿਆਂ ਦੇ ਨਾਲ ਤੁਲਨਾ ਕਰਨ ‘ਤੇ ਬੋਲਦਿਆਂ ਉਹਨਾਂ ਇਸ ਨੂੰ ਸਹੀ ਨਹੀਂ ਦਸਿਆ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਵੀ ਦੀਪ ਸਿੱਧੂ ਦੀ ਮੌਤ ਨੂੰ ਸਿੱਖ ਕੌਮ ਤੇ ਸਮੁੱਚੇ ਭਾਰਤ ਨੂੰ ਪੈਣ ਵਾਲਾ ਵੱਡਾ ਘਾਟਾ ਦਸਿਆ। ਉਨ੍ਹਾ ਕਿਹਾ ਕਿ ਦੀਪ ਸਿੱਧੂ ਇੱਕ ਵਿਲੱਖਣ ਸੋਚ ਦਾ ਮਾਲਕ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦੀ ਸੋਚ ‘ਤੇ ਚੱਲਣ ਵਾਲਾ ਸੀ। ਜਦੋਂ ਵੀ ਕਿਸਾਨੀ ਅੰਦੋਲਨ ਨੂੰ ਯਾਦ ਕੀਤਾ ਜਾਵੇਗਾ, ਉਦੋਂ ਦੀਪ ਸਿੱਧੂ ਦਾ ਨਾਮ ਸਭ ਤੋਂ ਪਹਿਲਾਂ ਲਿਆ ਜਾਵੇਗਾ। ਬੇਨਜੀਰ ਭੁੱਟੋ ਤੇ ਹੋਰ ਕਈ ਹਸਤੀਆਂ ਦੀ ਹੱਤਿਆ ਦੀ ਜਾਂਚ ਦਾ ਉਦਾਹਰਣ ਦਿੰਦੇ ਹੋਏ ਉਹਨਾਂ ਕਿਹਾ ਕਿ ਜਿਵੇਂ ਇਹਨਾਂ ਸਾਰਿਆਂ ਦੀ ਹੱਤਿਆ ਦੀ ਜਾਂਚ ਯੁਐਨ ਨੇ ਕੀਤੀ ਸੀ,ਇਵੇਂ ਹੀ ਦੀਪ ਸਿੱਧੂ ਦੀ ਮੌਤ ਦਾ ਜਾਂਚ ਵੀ ਯੁਐਨ ਤੋਂ ਹੋਣੀ ਚਾਹਿਦੀ ਹੈ।
ਭਾਈ ਬਲਜੀਤ ਸਿੰਘ ਖਾਲਸਾ ਨੇ ਵੀ ਦੀਪ ਸਿੱਧੂ ਨੂੰ ਦੀਪ ਸਿੱਧੂ ਨੂੰ ਸਿੱਖ ਕੌਮ ਨੂੰ ਜਗਾਉਣ ਵਾਲਾ ਇੱਕ ਯੋਧਾ ਦਸਿਆ ਤੇ ਕਿਹਾ ਕਿ ਦੀਪ ਸਿੱਧੂ ਨੂੰ ਸਿੱਖ ਕੌਮ ਹਮੇਸ਼ਾ ਯਾਦ ਰੱਖੇਗੀ। ਉਨ੍ਹਾਂ ਨੇ ਤਿਹਾੜ ਜੇਲ੍ਹ ਵਿੱਚ ਬੰਦ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਭੇਜੇ ਸੁਨੇਹੇ ਨੂੰ ਸੰਗਤਾਂ ਵਿੱਚ ਪੜ੍ਹ ਕੇ ਸੁਣਾਇਆ। ਸਮਾਗਮ ਦੇ ਅਖੀਰ ਵਿੱਚ ਦੀਪ ਸਿੱਧੂ ਦੇ ਭਰਾ ਨੇ ਆਈ ਸਾਰੀ ਸੰਗਤ ਦਾ ਧੰਨਵਾਦ ਕੀਤਾ ਤ ਸਾਰਿਆਂ ਨੂੰ ਦੀਪ ਸਿੱਧੂ ਦੇ ਵਿਚਾਰਾਂ ਨੂੰ ਦਿਲੋਂ ਅਪਨਾਉਣ ਦੀ ਅਪੀਲ ਕੀਤੀ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਖਾਲਸਾ ਏਡ ਵੱਲੋਂ ਇਸ ਮੌਕੇ ਵੱਡੀ ਗਿਣਤੀ ‘ਚ ਇਕੱਠੇ ਹੋਏ ਲੋਕਾਂ ਲਈ ਲੰਗਰ ਦਾ ਲਗਾਇਆ ਗਿਆ ਤੇ ਖੂਨਦਾਨ ਕੈਂਪ ਦੇ ਆਯੋਜਨ ਦੇ ਨਾਲ-ਨਾਲ ਕਿਤਾਬਾਂ ਵੀ ਵੰਡੀਆਂ ਗਈਆਂ।ਦੀਪ ਸਿੱਧੂ ਨੂੰ ਸ਼ਰਧਾਂਜਲੀ ਦੇਣ ਲਈ ਹਰ ਪਾਸੇ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਕਾਰਾਂ ਮੋਟਰਸਾਈਕਲ ਰਾਹੀਂ ਫਤਿਹਗੜ੍ਹ ਸਾਹਿਬ ਆਏ।ਆਉਣ ਵਾਲੀ ਆਮ ਸੰਗਤ ਦਾ ਕਹਿਣਾ ਸੀ ਕਿ ਜਿੰਨੀਆਂ ਵੀ ਗੱਡੀਆਂ ਲਾਡੋਵਾਲ ਟੋਲ ਪਲਾਜ਼ਾ ਤੋਂ ਲੰਘ ਰਹੀਆਂ ਹਨ, ਉਨ੍ਹਾਂ ਲਈ ਟੋਲ ਮੁਕਤ ਕਰ ਦਿੱਤਾ ਗਿਆ ਸੀ । ਉਹਨਾਂ ਕਿਹਾ ਕਿ ਦੀਪ ਸਿੱਧੂ ਨੇ ਜੋ ਕਿਸਾਨੀ ਅੰਦੋਲਨ ਵੀ ਕੀਤਾ, ਉਹ ਭੁੱਲ ਨਹੀਂ ਸਕਦੇ।