ਬਿਉਰੋ ਰਿਪੋਰਟ: ਭਾਰਤੀ ਫੌਜ ਦੇ ‘ਅਗਨੀਵੀਰ’ ਅਜੈ ਕੁਮਾਰ ਸਿੰਘ ਦੇ ਪਰਿਵਾਰ ਨੂੰ ਹੁਣ ਜਲਦੀ ਮੁਆਵਜ਼ਾ ਮਿਲਣ ਦੀ ਉਮੀਦ ਹੈ। ਇਸ ਸਬੰਧੀ ਜੰਮੂ-ਕਸ਼ਮੀਰ ਪੁਲਿਸ ਵੱਲੋਂ ਜਾਂਚ ਪੂਰੀ ਕਰ ਲਈ ਗਈ ਹੈ। ਜੰਮੂ-ਕਸ਼ਮੀਰ ਪੁਲਿਸ ਦੁਆਰਾ ਮੌਤ ਦੇ ਕਾਰਨਾਂ ਦੀ ਪੁਸ਼ਟੀ ਨਾ ਹੋਣ ਕਾਰਨ, ਲੁਧਿਆਣਾ ਦੇ ਇੱਕ ਪਿੰਡ ਵਿੱਚ ਰਹਿ ਰਹੇ ਅਗਨੀਵੀਰ ਪਰਿਵਾਰ ਨੂੰ 67.30 ਲੱਖ ਰੁਪਏ ਦਾ ਮੁਆਵਜ਼ਾ ਨਹੀਂ ਮਿਲ ਰਿਹਾ ਸੀ।
ਅਗਨੀਵੀਰ ਅਜੈ ਕੁਮਾਰ ਸਿੰਘ 18 ਜਨਵਰੀ ਨੂੰ ਰਾਜੌਰੀ ਵਿੱਚ ਇੱਕ ਸੁਰੰਗ ਧਮਾਕੇ ਵਿੱਚ ਸ਼ਹੀਦ ਹੋ ਗਏ ਸਨ। 13 ਫਰਵਰੀ ਨੂੰ ਪਰਿਵਾਰ ਨੂੰ 50 ਲੱਖ ਰੁਪਏ ਦਿੱਤੇ ਗਏ ਸਨ। ਇਹ ਬੈਂਕ ਵੱਲੋਂ ਅਗਨੀਵੀਰ ਨੂੰ ਦਿੱਤੀ ਗਈ ਬੀਮਾ ਰਾਸ਼ੀ ਸੀ। ਇਸ ਤੋਂ ਬਾਅਦ 10 ਜੂਨ ਨੂੰ ਅਗਨੀਵੀਰ ਦੇ ਪਰਿਵਾਰ ਨੂੰ ਸਰਕਾਰ ਵੱਲੋਂ ਇੰਤਜ਼ਾਮ ਕੀਤੀ ਗਈ ਬੀਮਾ ਪਾਲਿਸੀ ਵਿੱਚੋਂ 48 ਲੱਖ ਰੁਪਏ ਵੀ ਮਿਲੇ ਹਨ।
ਪਰ ਵੈਰੀਫਿਕੇਸ਼ਨ ਸਰਟੀਫਿਕੇਟ ਨਾ ਮਿਲਣ ਕਾਰਨ ਸ਼ਹੀਦ ਜਵਾਨ ਦੇ ਪਰਿਵਾਰ ਨੂੰ ਕਰੀਬ 67 ਲੱਖ ਰੁਪਏ ਲੈਣ ਲਈ ਕਾਫੀ ਖੱਜਲ ਹੋਣਾ ਪਿਆ। ਇਸ ਰਾਸ਼ੀ ਵਿੱਚ 44 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ, 13 ਲੱਖ ਰੁਪਏ ਦੀ ਚਾਰ ਸਾਲਾਂ ਦੀ ਤਨਖ਼ਾਹ, 8 ਲੱਖ ਰੁਪਏ ਦਾ ਆਰਮੀ ਵੈਲਫੇਅਰ ਫੰਡ ਅਤੇ 2.30 ਲੱਖ ਰੁਪਏ ਦਾ ਸਰਵਿਸ ਫੰਡ ਪੈਕੇਜ ਸ਼ਾਮਲ ਹੈ।
ਰਾਹੁਲ ਗਾਂਧੀ ਨੇ ਚੁੱਕਿਆ ਸੀ ਮੁਆਵਜ਼ੇ ਦਾ ਮੁੱਦਾ
ਅਗਨੀਵੀਰ ਅਜੈ ਕੁਮਾਰ ਸਿੰਘ ਦੇ ਪਰਿਵਾਰ ਨੂੰ ਪੂਰਾ ਮੁਆਵਜ਼ਾ ਨਾ ਮਿਲਣ ਕਾਰਨ ਪਿਛਲੇ ਹਫ਼ਤੇ ਸਿਆਸੀ ਤੂਫ਼ਾਨ ਆ ਗਿਆ ਸੀ। ਮ੍ਰਿਤਕ ਦੇ ਪਿਤਾ ਚਰਨਜੀਤ ਸਿੰਘ ਨੇ 3 ਜੁਲਾਈ ਨੂੰ ਬਿਆਨ ਦਰਜ ਕਰਵਾਏ ਸਨ। ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਪਰਿਵਾਰ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਹੈ। ਇੱਕ ਦਿਨ ਬਾਅਦ, ਪਿਤਾ ਨੇ ਆਪਣਾ ਬਿਆਨ ਬਦਲਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਬੀਮੇ ਦੇ ਪੈਸੇ ਮਿਲ ਗਏ ਹਨ।
ਲੋਕ ਸਭਾ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਦੇ ਬਿਆਨ ’ਤੇ ਕਿਹਾ ਸੀ ਕਿ ਅਗਨੀਵੀਰ ਦੇ ਪਰਿਵਾਰ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ। ਰਾਹੁਲ ਗਾਂਧੀ ਦੇ ਬਿਆਨ ਤੋਂ ਬਾਅਦ, ਭਾਰਤੀ ਫੌਜ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ’ਤੇ ਅਗਨੀਵੀਰ ਅਜੈ ਕੁਮਾਰ ਦੇ ਪਰਿਵਾਰ ਨੂੰ ਮੁਆਵਜ਼ਾ ਨਾ ਦਿੱਤੇ ਜਾਣ ਦੇ ਦਾਅਵਿਆਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ 98.39 ਲੱਖ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ। ਸਪੱਸ਼ਟੀਕਰਨ ਵਿੱਚ ਕਿਹਾ ਗਿਆ ਹੈ ਕਿ ਦਿੱਤੀ ਜਾਣ ਵਾਲੀ ਕੁੱਲ ਰਕਮ ਲਗਭਗ 1.65 ਕਰੋੜ ਰੁਪਏ ਹੋਵੇਗੀ।