India Punjab

ਕਰੋਨਾ ਸਥਿਤੀ ‘ਤੇ ਕਿਸਾਨੀ ਅੰਦੋਲਨ ਤੇ ਸਿਆਸੀ ਲੀਡਰ ਆਹਮੋ-ਸਾਹਮਣੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੈਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਰੋਨਾ ਸਥਿਤੀ ‘ਤੇ ਬਿਆਨ ਦਿੰਦਿਆਂ ਕਿਹਾ ਕਿ ਕਰੋਨਾ ਦੇ ਫੈਲਣ ਦੀ ਇੱਕ ਵਜ੍ਹਾ ਕਿਸਾਨ ਅੰਦੋਲਨ ਵੀ ਹੈ। ਬਾਜਵਾ ਨੇ ਕਿਸਾਨਾਂ ਨੂੰ ਅੰਦੋਲਨ ਤੋਂ ਆਪਣੇ ਪਿੰਡ ਆਉਣ ਤੋਂ ਪਹਿਲਾਂ ਕਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ। ਬਾਜਵਾ ਨੇ ਕਿਹਾ ਕਿ ਇਸ ਨਾਲ ਸਭ ਤੋਂ ਪਹਿਲਾਂ ਖਤਰਾ ਉਨ੍ਹਾਂ ਦੇ ਪਰਿਵਾਰ ਨੂੰ ਹੀ ਹੈ।

ਪਰ ਕਾਂਗਰਸ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਕਿਹਾ ਕਿ ਪਿੰਡਾਂ ਵਿੱਚ ਵੱਧਦੇ ਕਰੋਨਾ ਲਈ ਸਿਰਫ ਕਿਸਾਨ ਹੀ ਜ਼ਿੰਮੇਵਾਰ ਨਹੀਂ ਹਨ। ਔਜਲਾ ਨੇ ਕਿਹਾ ਕਿ ਕਰੋਨਾ ਦੇ ਫੈਲਣ ਦਾ ਕਾਰਨ ਸਮਾਜਿਕ ਇਕੱਠ ਵੀ ਹੈ। ਸਿਰਫ ਕਿਸਾਨਾਂ ਨੂੰ ਹੀ ਕਰੋਨਾ ਫੈਲਾਉਣ ਲਈ ਜ਼ਿੰਮੇਵਾਰ ਠਹਿਰਾਉਣਾ ਸਹੀ ਨਹੀਂ ਹੈ।

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਰੋਨਾ ਦੇ ਫੈਲਾਅ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਬਲਬੀਰ ਸਿੱਧੂ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਨੂੰ ਵੇਖਦਿਆਂ ਮੋਦੀ ਨੂੰ ਤਿੰਨੇ ਖੇਤੀ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ।

ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਉਨ੍ਹਾਂ ਪਿੰਡਾਂ ਵਿੱਚ ਜ਼ਿਆਦਾ ਕਰੋਨਾ ਫੈਲ ਰਿਹਾ ਹੈ, ਜਿੱਥੋਂ ਜ਼ਿਆਦਾ ਕਿਸਾਨਾਂ ਨੇ ਮੋਰਚੇ ਵਿੱਚ ਹਿੱਸਾ ਲਿਆ ਹੈ।