‘ਦ ਖ਼ਾਲਸ ਬਿਊਰੋ :- ਪੰਜਾਬ ਦੇ ਪੀਸੀਐੱਸ ਅਫ਼ਸਰਾਂ ਨੇ ਮਾਲੀਆ ਅਫ਼ਸਰਾਂ ਦੀ ਹੜਤਾਲ ਦੀ ਹਮਾਇਤ ਕਰਦਿਆਂ 10 ਦਸੰਬਰ ਨੂੰ ਇੱਕ ਦਿਨ ਦੀ ਸਮੂਹਿਕ ਛੁੱਟੀ ਲੈਣ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਰੈਵੀਨਿਊ ਅਫ਼ਸਰਜ਼ ਐਸੋਸੀਏਸ਼ਨ ਵੱਲੋਂ ਤਹਿਸੀਲਦਾਰ ਸੰਦੀਪ ਕੁਮਾਰ ਅਤੇ ਰਜਿਸਟਰੀ ਕਲਰਕ ਮਨਜੀਤ ਸਿੰਘ ਦੀ ਗ੍ਰਿਫਤਾਰੀ ਦੇ ਵਿਰੁੱਧ ਹੜਤਾਲ ਸ਼ੁਰੂ ਕੀਤੀ ਹੋਈ ਹੈ। ਇਲੈੱਕਸ਼ਨ ਡਿਊਟੀ ਵਿੱਚ ਤਾਇਨਾਤ ਅਫ਼ਸਰ 10 ਨੂੰ ਛੁੱਟੀ ‘ਤੇ ਨਹੀਂ ਜਾਣਗੇ।
ਐਸੋਸੀਏਸ਼ਨ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਮਾਲੀਆ ਅਫਸਰਾਂ ਵੱਲੋਂ ਵਿਜੀਲੈਂਸ ਵਿਭਾਗ ਦੇ ਛਾਪਿਆਂ ਖਿਲਾਫ ਸ਼ੁਰੂ ਕੀਤਾ ਅੰਦੋਲਨ ਸਰਕਾਰ ਦਾ ਧਿਆਨ ਮੰਗਦਾ ਹੈ। ਐਸੋਸੀਏਸ਼ਨ ਦਾ ਇਹ ਵੀ ਕਹਿਣਾ ਹੈ ਕਿ ਪੀਸੀਐੱਸ ਅਫ਼ਸਰ ਤਰਸੇਮ ਚੰਦ, ਨਾਇਬ ਤਹਿਸੀਲਦਾਰ ਸੰਦੀਪ ਕੁਮਾਰ ਅਤੇ ਰਜਿਸਟਰੀ ਕਲਰਕ ਮਨਜੀਤ ਸਿੰਘ ਦੀ ਗ੍ਰਿਫਤਾਰੀ ਨੂੰ ਜਾਇਜ ਨਹੀਂ ਠਹਿਰਾਇਆ ਜਾ ਸਕਦਾ। ਦੱਸਣਯੋਗ ਹੈ ਕਿ ਮਾਲੀਆ ਅਫ਼ਸਰ 8 ਦਸੰਬਰ ਤੋਂ ਹੜਤਾਲ ‘ਤੇ ਹਨ ਅਤੇ ਤਹਿਸੀਲਾਂ ਵਿੱਚ ਰਜਿਸਟਰੀਆਂ ਦਾ ਕੰਮ ਰੁਕਿਆ ਪਿਆ ਹੈ।