Punjab

ਹਾਈਕੋਰਟ ਵੱਲੋਂ ਲਾਰੈਂਸ ਦਾ ਜੇਲ੍ਹ ਇੰਟਰਵਿਊ ਸੋਸ਼ਲ ਮੀਡੀਆ ਤੋਂ ਹਟਾਉਣ ਦੇ ਨਿਰਦੇਸ਼ !

ਬਿਉਰੋ ਰਿਪੋਰਟ : ਲਾਰੈਂਸ ਬਿਸ਼ਨੋਈ ਦੇ ਜੇਲ੍ਹ ਇੰਟਰਵਿਊ ਨੂੰ ਲੈਕੇ ਸੁਣਵਾਈ ਕਰ ਰਹੀ ਹੈ ਪੰਜਾਬ ਹਰਿਆਣਾ ਹਾਈਕੋਰਟ ਦੀ ਡਬਲ ਬੈਂਚ ਨੇ ਵੱਡੇ ਨਿਰਦੇਸ਼ ਦਿੱਤੇ ਹਨ । ਅਦਾਲਤ ਨੇ ਵੀਡੀਓ ਵੇਖਣ ਤੋਂ ਬਾਅਦ ਇਸ ਨੂੰ ਫੌਰਨ ਹਟਾਉਣ ਨੂੰ ਕਿਹਾ ਹੈ । ਕੋਟਰ ਨੇ ਕਿਹਾ ਜਾਂਚ ਕਮੇਟੀ ਨੇ ਵੀ ਆਪਣੀ ਰਿਪੋਰਟ ਵਿੱਚ ਹਟਾਉਣ ਦੀ ਸਿਫਾਰਿਸ਼ ਕੀਤੀ । ਜਿਸ ‘ਤੇ ਸਰਕਾਰ ਨੇ ਜਵਾਬ ਦਿੱਤਾ ਕਿ ਵਿਚਾਰ ਕਰ ਰਹੇ ਹਾਂ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਜਸਟਿਸ ਅਨੂੰਪਿੰਦਰ ਸਿੰਘ ਗਰੇਵਾਲ ਅਤੇ ਜਸਟਿਸ ਕੀਰਤੀ ਸਿੰਘ ਦੇ ਆਦੇਸ਼ਾਂ ਨੂੰ ਆਪਣੇ ਸੋਸ਼ਲ ਮੀਡੀਐ ਅਕਾਊਂਟ X ‘ਤੇ ਸ਼ੇਅਰ ਕਰਦੇ ਹੋਏ ਕਿਹਾ ‘ਗੈਂਗਸਟਰ ਨੂੰ ਇਸ ਇਟਰਵਿਊ ਦੇ ਜ਼ਰੀਏ ਮਸ਼ਹੂਰ ਕੀਤਾ ਜਾ ਰਿਹਾ ਹੈ ਅਤੇ ਕੇਂਦਰ ਤੇ ਸੂਬਾ ਸਰਕਾਰਾਂ ਹੁਣ ਵੀ ਇਸ ‘ਤੇ ਵਿਚਾਰ ਕਰ ਰਹੀਆਂ ਹਨ ਕਿ ਇਸ ਇੰਟਰਵਿਊ ਨੂੰ ਹਟਾਇਆ ਜਾਵੇ ਜਾਂ ਨਹੀਂ । ਜੇਕਰ ਕੋਈ ਹੋਰ ਭੜਕਾਉ ਟਵੀਟ ਮੇਰੇ ਜਾਂ ਫਿਰ ਤੁਹਾਡੇ ਵੱਲੋਂ ਕੀਤਾ ਜਾਂਦਾ ਤਾਂ ਇਸ ਨੂੰ ਫੌਰਨ ਹਟਾ ਦਿੱਤਾ ਜਾਂਦਾ ਹੈ’। ਉਨ੍ਹਾਂ ਨੇ ਹਾਈਕੋਰਟ ਦੇ ਆਦੇਸ਼ ਨੂੰ ਖਬਰਾਂ ਵਿੱਚ ਤਵਜੋ ਨਾ ਮਿਲਣ ‘ਤੇ ਕੌਮੀ ਅਤੇ ਸੂਬਾ ਮੀਡੀਆ ਨਾਲ ਵੀ ਨਰਾਜ਼ਗੀ ਜ਼ਾਹਿਰ ਕੀਤੀ ।

ਪਿਤਾ ਬਲਕੌਰ ਸਿੰਘ ਨੇ ਇੱਕ ਹੋਰ ਟਵੀਟ ਕਰਦੇ ਹੋਏ ਕਿਹਾ ਹਾਈਕੋਰਟ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ ਇੰਟਰਵਿਊ ਨੂੰ ਕਈ ਮਿਲੀਅਨ ਲੋਕਾਂ ਨੇ ਵੇਖਿਆ ਅਤੇ ਜ਼ਿਆਦਾਤਰ ਲੋਕਾਂ ਨੇ ਲਾਰੈਂਸ ਦੀ ਹਮਾਇਤ ਵਿੱਚ ਕੁਮੈਂਟ ਕੀਤੇ ਹਨ । ਅਜਿਹਾ ਕਰਕੇ ਨੌਜਵਾਨ ਉਸ ਨੂੰ ਹੀਰੋ ਬਣਾ ਰਹੇ ਹਨ ਅਤੇ ਸਿਆਸੀ ਏਜੰਡਾ ਚਲਾਇਆ ਜਾ ਰਿਹਾ ਹੈ। ਅਦਾਲਤ ਨੇ ਇਹ ਵੀ ਕਿਹਾ ਹੈ ਕਿ ਲਾਰੈਂਸ ਖਿਲਾਫ UAPA ਤੋਂ ਇਲਾਵਾ 71 ਕੇਸ ਹਨ ਜਿਸ ਵਿੱਚ ਕਤਲ ਅਤੇ ਫਿਰੌਤੀ ਦੇ ਮਾਮਲੇ ਹਨ । ਡਬਲ ਬੈਂਚ ਨੇ ਕਿਹਾ ਲਾਰੈਂਸ ਆਪਣੇ ਇੰਟਰਵਿਊ ਵਿੱਚ ਟਾਰਗੇਟ ਕਿਲਿੰਗ ਨੂੰ ਸਹੀ ਦੱਸ ਰਿਹਾ ਹੈ।

ਬਲਕੌਰ ਸਿੰਘ ਨੇ ਕਿਹਾ ਸਰਕਾਰ ਵੱਲੋਂ ਬਣਾਈ ਗਈ ਪਹਿਲੀ SIT ਇਹ ਲੱਭਣ ਵਿੱਚ ਫੇਲ੍ਹ ਸਾਬਿਤ ਹੋਈ ਕਿ ਲਾਰੈਂਸ ਦਾ ਇੰਟਰਵਿਊ ਕਿੱਥੇ ਹੋਇਆ ਸੀ ? ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ SIT ਜਾਣ ਬੁਝ ਕੇ ਸੱਚ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਸੀ । ਇਸੇ ਲਈ ਹਾਈਕੋਰਟ ਨੇ SIT ‘ਤੇ ਸਵਾਲ ਖੜੇ ਕੀਤੇ ਹਨ ਅਤੇ ਕਿਹਾ ਹੈ ਕਿ ਇੰਟਰਵਿਊ ਨੌਜਵਾਨਾਂ ‘ਤੇ ਸਿੱਧਾ ਅਸਰ ਪਾ ਰਿਹਾ ਹੈ ਜੋ ਕਿ ਦੇਸ਼ ਦੀ ਸੁਰੱਖਿਆ ਦੇ ਲਈ ਖਤਰਾ ਹੈ । ਇੰਟਰਵਿਊ ਵਿੱਚ ਸਲਮਾਨ ਖਾਨ ਨੂੰ ਧਮਕੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਮੀਡੀਆ ਦੇ ਸਾਹਮਣੇ ਮੁੱਦਾ ਨਹੀਂ । ਸ਼ਾਇਦ ਕੌਮੀ ਅਤੇ ਸੂਬੇ ਦਾ ਮਾਡੀਆ ਮੁੱਦਿਆਂ ਨੂੰ ਲੈਕੇ ਸਲੈਕਟਿਵ ਹੋ ਗਿਆ ਹੈ।