‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਜ਼ਿਆਦਾ ਭਾਰ ਵਾਲੇ ਸਾਰੇ ਪੁਲਿਸ ਕਰਮਚਾਰੀਆਂ ਨੂੰ ਫਿੱਟ ਕਰਨ ਲਈ ਆਉਣ ਵਾਲੇ ਅਗਲੇ ਤਿੰਨ ਮਹੀਨੇ ਦੋ ਘੰਟੇ ਸਵੇਰੇ ਕਸਰਤ ਕਰਨੀ ਪਏਗੀ।ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅਗਸਤ ਵਿੱਚ ਸੂਬੇ ਦੇ ਸਾਰੇ ਪੁਲਿਸ ਕਰਮਚਾਰੀਆਂ ਦੀ ਖਰਾਬ ਸਿਹਤ ਤੇ ਅਨਫਿਟ ਸਰੀਰ ਦਾ ਸਖਤ ਨੋਟਿਸ ਲਿਆ ਸੀ ਤੇ ਸਾਰੇ ਸੀਨੀਅਰ ਪੁਲਿਸ ਸੁਪਰਡੈਂਟਾਂ ਨੂੰ ਕਰਮਚਾਰੀਆਂ ਲਈ ਚੱਲ ਰਹੇ ਸਰੀਰਕ ਸਿਖਲਾਈ ਕੈਂਪਾਂ ਦਾ ਡਿਜੀਟਲ ਰਿਕਾਰਡ ਰੱਖਣ ਦੇ ਹੁਕਮ ਵੀ ਦਿੱਤੇ ਸਨ।
ਜਾਣਕਾਰੀ ਅਨੁਸਾਰ ਅਦਾਲਤ ਨੇ ਪਹਿਲਾਂ ਅਜਿਹੀਆਂ ਵਾਰਦਾਤਾਂ ਬਾਰੇ ਗੰਭੀਰ ਚਿੰਤਾਵਾਂ ਜ਼ਾਹਰ ਕੀਤੀਆਂ ਸਨ, ਜਿਨ੍ਹਾਂ ਵਿੱਚ ਪੁਲਿਸ ਛਾਪੇਮਾਰੀ ਦੌਰਾਨ ਸ਼ੱਕੀ ਵਿਅਕਤੀ ਪੁਲਿਸ ਦੀ ਢਿੱਲੀ ਸਿਹਤ ਕਾਰਨ ਭੱਜਣ ਵਿੱਚ ਕਾਮਯਾਬ ਰਹੇ ਸਨ।ਮੋਗਾ ਦੇ ਐਸਐਸਪੀ ਧਰੁਮਨ ਐਚ ਨਿੰਬਲੇ ਨੇ 13 ਸਤੰਬਰ ਤੋਂ ਸਾਰੇ ਅਯੋਗ ਅਤੇ ਵੱਧ ਭਾਰ ਵਾਲੇ ਕਰਮਚਾਰੀਆਂ ਦੀ ਲਾਜ਼ਮੀ ਦੋ ਘੰਟੇ ਦੀ ਸਰੀਰਕ ਕਸਰਤ ਦਾ ਹੁਕਮ ਦਿੱਤਾ ਹੈ।
ਇਸ ਤੋਂ ਪਹਿਲਾਂ ਜ਼ਿਆਦਾ ਭਾਰ ਵਾਲੇ ਅਤੇ ਅਯੋਗ ਪੁਲਿਸ ਮੁਲਾਜ਼ਮਾਂ ਦੀ ਪਛਾਣ ਕਰਨ ਲਈ ਡੀਐਸਪੀ (ਹੈਡਕੁਆਰਟਰ) ਰਵਿੰਦਰ ਸਿੰਘ ਦੀ ਨਿਗਰਾਨੀ ਹੇਠ ਸਾਰੇ ਕਰਮਚਾਰੀਆਂ ਦੀ ਮੈਡੀਕਲ ਜਾਂਚ ਕੀਤੀ ਜਾਵੇਗੀ। ਐਸਪੀ ਹੈੱਡਕੁਆਰਟਰ ਰੋਜ਼ਾਨਾ ਸਵੇਰੇ 6 ਵਜੇ ਤੋਂ ਸਵੇਰੇ 8 ਵਜੇ ਤੱਕ ਲਗਾਏ ਜਾਣ ਵਾਲੇ ਫਿਟਨੈਸ ਕੈਂਪ ਦੀ ਨਿਗਰਾਨੀ ਕਰਨਗੇ। ਕਸਰਤ ਅਤੇ ਫਿਟਨੈਸ ਕਲਾਸਾਂ ਵਿੱਚ ਰੇਸ, ਜੌਗਿੰਗ, ਪੁਸ਼-ਅਪਸ, ਸਕੁਐਟਸ ਅਤੇ ਯੋਗਾ ਆਦਿ ਕਰਵਾਏ ਜਾਣਗੇ।