ਬਿਉਰੋ ਰਿਪੋਰਟ : ਪੰਜਾਬ ਹਰਿਆਣਾ ਹਾਈਕੋਰਟ ਨੇ ਪੰਚਾਇਤੀ ਚੋਣਾਂ ਨੂੰ ਲੈਕੇ ਪੰਜਾਬ ਚੋਣ ਕਮਿਸ਼ਨ ਨੂੰ ਤਗੜੀ ਫਟਕਾਰ ਲਗਾਉਂਦੇ ਹੋਏ ਕਿਹਾ ਹੈ ਕਿ ਕੱਲ ਤੱਕ ਹਰ ਹਾਲ ਵਿੱਚ ਸੈਡੀਉਲ ਪੇਸ਼ ਕੀਤਾ ਜਾਵੇ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਕਮਿਸ਼ਨਰ ਆਪ ਰਿਪੋਰਟ ਲੈਕੇ ਪੇਸ਼ ਹੋਣ। ਪੰਜਾਬ ਵਿੱਚ ਇੱਕ ਪੰਚਾਇਤ ‘ਤੇ ਜ਼ਿਮਨੀ ਚੋਣ ਨੂੰ ਲੈਕੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਪਾਈ ਗਈ ਸੀ । ਜਿਸ ਦਾ ਅਦਾਲਤ ਨੇ ਨੋਟਿਸ ਲੈਂਦੇ ਹੋਏ ਮੁੜ ਤੋਂ ਚੋਣ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ। ਜਦੋਂ ਕਿਸੇ ਕਾਰਨ ਚੋਣ ਨਹੀਂ ਹੋ ਸਕੀ ਤਾਂ ਕੋਰਟ ਵਿੱਚ ਸਰਕਾਰ ਦੇ ਖਿਲਾਫ ਮਾਣਹਾਨੀ ਦੀ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ। ਇਸੇ ਸੁਣਵਾਈ ਨੂੰ ਲੈਕੇ ਹਾਈ ਕੋਰਟ ਦਾ ਕਰੜਾ ਰੁੱਖ ਸੀ ।
ਪੰਜਾਬ ਸਰਕਾਰ ਨੇ ਦਿੱਤਾ ਸੀ ਭਰੋਸਾ
ਹਾਈਕੋਰਟ ਵਿੱਚ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਸਾਰੀਆਂ ਪੰਚਾਇਤਾਂ ਦੀਆਂ ਚੋਣਾਂ ਕੁਝ ਸਮੇਂ ਵਿੱਚ ਕਰਵਾਇਆ ਜਾਣਗੀਆਂ। ਇਸ ‘ਤੇ ਪਟੀਸ਼ਨਕਰਤਾ ਨੇ ਕਿਹਾ ਹੁਣ ਤੱਕ ਚੋਣਾਂ ਨੂੰ ਲੈਕੇ ਸਥਿਤੀ ਸਾਫ਼ ਨਹੀਂ ਹੈ । ਹੁਣ ਤੱਕ ਇਹ ਨਹੀਂ ਦੱਸਿਆ ਗਿਆ ਹੈ ਕਿ ਚੋਣਾਂ ਕਦੋਂ ਹੋਣੀਆਂ ਹਨ ਉਸ ਦਾ ਪ੍ਰੋਗਰਾਮ ਕੀ ਹੈ । ਕਿਸੇ ਨੂੰ ਨਹੀਂ ਪਤਾ,ਅਜਿਹੇ ਵਿੱਚ ਹਾਈਕੋਰਟ ਨੇ ਪੰਜਾਬ ਦੇ ਚੋਣ ਕਮਿਸ਼ਨ ਤੋਂ ਚੋਣਾਂ ਨੂੰ ਲੈਕੇ ਬਿਊਰਾ ਮੰਗਿਆ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਨੂੰ ਪੰਚਾਇਤਾਂ ਭੰਗ ਕਰਨ ਨੂੰ ਲੈਕੇ ਹਾਈਕੋਰਟ ਤੋਂ ਝਟਕਾ ਲੱਗਿਆ ਸੀ। ਸਮੇਂ ਤੋਂ ਪਹਿਲਾਂ ਪੰਚਾਇਤਾਂ ਨੂੰ ਭੰਗ ਕਰਨ ਦੇ ਫੈਸਲੇ ਨੂੰ ਪੰਜਾਬ ਸਰਕਾਰ ਨੇ ਵਾਪਸ ਲਿਆ ਸੀ।