ਨਵੀਂ ਦਿੱਲੀ (7 ਅਪ੍ਰੈਲ, 2026): ਡਿਜੀਟਲ ਭੁਗਤਾਨ ਕੰਪਨੀ ਪੇਟੀਐਮ (Paytm) ਨੇ ਆਪਣੇ ਯੂਜ਼ਰਸ ਲਈ ਦੋ ਬੇਹੱਦ ਖ਼ਾਸ ਫੀਚਰਸ ‘ਬਾਇਓਮੀਟ੍ਰਿਕ UPI’ (Biometric UPI) ਅਤੇ ‘ਕਾਰਡ ਰਹਿਤ ATM ਕੈਸ਼’ (Cardless ATM Withdrawal) ਪੇਸ਼ ਕੀਤੇ ਹਨ। ਇਨ੍ਹਾਂ ਨਵੀਆਂ ਸਹੂਲਤਾਂ ਨਾਲ ਹੁਣ ਰੋਜ਼ਾਨਾ ਦੇ ਲੈਣ-ਦੇਣ ਪਹਿਲਾਂ ਨਾਲੋਂ ਕਿਤੇ ਵੱਧ ਸੁਰੱਖਿਅਤ ਅਤੇ ਸੁਖਾਲੇ ਹੋ ਜਾਣਗੇ।
ਬਿਨਾਂ ਪਿੰਨ (PIN) ਤੋਂ ਕਰੋ ਭੁਗਤਾਨ
ਹੁਣ ਯੂਜ਼ਰਸ ਨੂੰ ਹਰ ਛੋਟੀ-ਵੱਡੀ ਪੇਮੈਂਟ ਲਈ 4 ਜਾਂ 6 ਅੰਕਾਂ ਦਾ ਯੂਪੀਆਈ ਪਿੰਨ ਯਾਦ ਰੱਖਣ ਦੀ ਲੋੜ ਨਹੀਂ ਪਵੇਗੀ। ਪਿੰਨ ਦੀ ਜਗ੍ਹਾ ਹੁਣ ਤੁਸੀਂ ਆਪਣੇ ਫ਼ੋਨ ਦੇ ਫਿੰਗਰਪ੍ਰਿੰਟ ਸੈਂਸਰ (Fingerprint) ਜਾਂ ਫੇਸ ਆਈਡੀ (Face ID) ਦੀ ਵਰਤੋਂ ਕਰ ਸਕੋਗੇ। NPCI ਦੇ ਨਿਯਮਾਂ ਅਨੁਸਾਰ, ਬਾਇਓਮੀਟ੍ਰਿਕ ਰਾਹੀਂ ਤੁਸੀਂ ਇੱਕ ਵਾਰ ਵਿੱਚ ₹5,000 ਤੱਕ ਦਾ ਲੈਣ-ਦੇਣ ਕਰ ਸਕਦੇ ਹੋ। ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਉਹ ਯੂਜ਼ਰਸ ਦਾ ਕੋਈ ਵੀ ਬਾਇਓਮੀਟ੍ਰਿਕ ਡੇਟਾ ਸਟੋਰ ਨਹੀਂ ਕਰਦੀ।
ਬਿਨਾਂ ਡੈਬਿਟ ਕਾਰਡ ਦੇ ਨਿਕਲੇਗਾ ਕੈਸ਼
ਹੁਣ ਤੁਹਾਨੂੰ ਆਪਣੇ ਪਰਸ ਵਿੱਚ ਡੈਬਿਟ ਕਾਰਡ ਰੱਖਣ ਦੀ ਚਿੰਤਾ ਨਹੀਂ ਕਰਨੀ ਪਵੇਗੀ। ਤੁਸੀਂ ਕਿਸੇ ਵੀ ਯੂਪੀਆਈ ਸਮਰਥਿਤ ਏਟੀਐਮ (ATM) ’ਤੇ ਜਾ ਕੇ ‘UPI Cash Withdrawal’ ਵਿਕਲਪ ਚੁਣ ਕੇ, ਰਾਸ਼ੀ ਭਰ ਕੇ ਅਤੇ ਪੇਟੀਐਮ ਐਪ ਨਾਲ QR ਕੋਡ ਸਕੈਨ ਕਰਕੇ ਪੈਸੇ ਕਢਵਾ ਸਕਦੇ ਹੋ। ਇਸ ਸੁਵਿਧਾ ਰਾਹੀਂ ਇੱਕ ਵਾਰ ਵਿੱਚ ₹10,000 ਤੱਕ ਕਢਵਾਏ ਜਾ ਸਕਦੇ ਹਨ।

