ਲੁਧਿਆਣਾ : ਪੰਜਾਬ ਦੀ ਖੇਤੀ ਵਿੱਚ ਪਿਛਲੇ ਚਾਰ-ਪੰਜ ਦਹਾਕਿਆਂ ਤੋਂ ਝੋਨੇ-ਕਣਕ ਦੀ ਕਾਸ਼ਤ ਇਕ ਤਰ੍ਹਾਂ ਨਾਲ ਪ੍ਰਮੁੱਖ ਫਸਲੀ ਚੱਕਰ ਰਿਹਾ ਹੈ। ਹਾਲਾਂਕਿ ਝੋਨੇ ਦੀ ਕਾਸ਼ਤ ਲਈ ਵਾਰ-ਵਾਰ ਕੱਦੂ ਕਰਨ ਨਾਲ ਮਿੱਟੀ ਦੀ ਉੱਪਰਲੀ ਪਰਤ (15-20 ਸੈਂਟੀਮੀਟਰ) ਵਿੱਚ ਇੱਕ ਸਖ਼ਤ ਪੈਨ (ਕੜ੍ਹ) ਬਣ ਜਾਂਦਾ ਹੈ, ਜਿਸ ਨਾਲ ਪਾਣੀ ਦਾ ਨਿਕਾਸ ਘੱਟ ਹੋ ਜਾਂਦਾ ਹੈ ਅਤੇ ਜੜ੍ਹਾਂ ਦੇ ਵਿਕਾਸ ਲਈ ਘੱਟ ਹਵਾਖੋਰੀ ਵਰਗੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ, ਜਿਸਦੇ ਫਲਸਰੂਪ ਪੈਦਾਵਾਰ ਵਿੱਚ ਵੀ ਕਮੀ ਆਉਂਦੀ ਹੈ। ਕਣਕ ਦੀ ਫ਼ਸਲ ਵਿੱਚ ਇਸ ਨਾਲ ਪੀਲਾਪਨ ਆ ਜਾਂਦਾ ਹੈ ਅਤੇ ਕਿਸਾਨ ਵੀਰ ਇਹਨਾਂ ਤੱਥਾਂ ਤੋਂ ਅਨਜਾਣ ਹੋਣ ਕਰਕੇ ਖਾਦਾਂ ਦੀ ਭਾਰੀ ਮਾਤਰਾ ਵਿੱਚ ਵਰਤੋਂ ਕਰਦੇ ਹਨ। ਇਸ ਨਾਲ ਫ਼ਸਲਾਂ ਦੇ ਝਾੜ ਤੇ ਮਾੜਾ ਅਸਰ ਪੈਂਦਾ ਹੈ ਅਤੇ ਮਿੱਟੀ ਦੀ ਬਣਤਰ ਅਤੇ ਸਿਹਤ ਵੀ ਖ਼ਰਾਬ ਹੋ ਜਾਂਦੀ ਹੈ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ-ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ ਨੇ ਪੰਜਾਬ ਦੇ ਕਿਸਾਨਾਂ ਨੂੰ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ‘ਚੀਜ਼ਲ’ ਤਕਨੀਕ ਜਾਣੀ ਡੂੰਘੀ ਵਹਾਈ ਵੱਲ ਮੁੜਨ ਦੀ ਅਪੀਲ ਕੀਤੀ ਹੈ। ਇਸ ਪ੍ਰਕਿਰਿਆ ਦੀ ਵਿਧੀ ਦਸਦੇ ਹੋਏ, ਡਾ: ਗੋਸਲ ਨੇ ਕਿਹਾ ਕਿ ਚੀਜ਼ਲਿੰਗ ਇੱਕ ਡੂੰਘੀ ਵਹਾਈ ਦੀ ਤਕਨੀਕ ਹੈ ਜੋ ਮਿੱਟੀ ਨੂੰ ਬਿਨਾਂ ਪਰਤੇ ਉਸ ਦੀ ਹੇਠਲੀਆਂ ਤਹਿਆਂ ਨੂੰ ਪੋਲਾ / ਨਰਮ ਕਰਦੀ ਹੈ। ਇਹ ਤਕਨੀਕ ਮਿੱਟੀ ਵਿੱਚ ਪਾਣੀ ਜ਼ੀਰਨ ਦੀ ਸਮਰੱਥਾ ਦੀ ਦਰ ਨੂੰ ਵਧਾਉਂਦੀ ਹੈ, ਜਿਸ ਨਾਲ ਪਾਣੀ ਅਤੇ ਪੌਸ਼ਟਿਕ ਤੱਤਾਂ ਦੀ ਬਿਹਤਰ ਵਰਤੋਂ ਲਈ ਸੰਘਣੇ ਅਤੇ ਡੂੰਘੇ ਜੜ੍ਹ ਵਿਕਾਸ ਵਿੱਚ ਸਹਾਇਤਾ ਮਿਲਦੀ ਹੈ, ਜਿਸ ਦੇ ਫਲਸਰੂਪ ਫ਼ਸਲਾਂ ਦਾ ਝਾੜ ਵੱਧ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਕਣਕ ਦੀ ਵਾਢੀ ਤੋਂ ਬਾਅਦ ਇਸ ਪ੍ਰਕਿਰਿਆ ਲਈ ਇਹ ਸਮਾਂ ਬਿਲਕੁਲ ਢੁੱਕਵਾਂ ਹੈ। ਉਹਨਾਂ ਕਿਹਾ ਕਿ ਇਹ ਖੇਤੀ ਤਕਨੀਕ ਪੰਜਾਬ ਦੇ ਕਿਸਾਨਾਂ ਦੀ ਆਰਥਕ ਦਸ਼ਾ ਨੂੰ ਸੁਧਾਰਨ ਲਈ ਇਕ ਨਵਾਂ ਮੋੜ ਲਿਆ ਸਕਦੀ ਹੈ, ਜੋ ਝੋਨੇ-ਕਣਕ ਦੀ ਕਾਸ਼ਤ ਵਿੱਚ ਦਰਪੇਸ਼ ਚੁਣੌਤੀਆਂ ਦਾ ਹੱਲ ਪ੍ਰਦਾਨ ਕਰਦੀ ਹੋਈ ਵਧੇਰੇ ਟਿਕਾਊ ਭਵਿੱਖ ਲਈ ਪੈਦਾਵਾਰ ਵਿੱਚ ਸੁਧਾਰ ਕਰ ਸਕਦੀ ਹੈ।
ਡਾ: ਅਜਮੇਰ ਸਿੰਘ ਢੱਟ ਨਿਰਦੇਸ਼ਕ ਖੋਜ ਪੀ ਏ ਯੂ ਨੇ ਪੰਜਾਬ ਵਿਚਲੀ ਭੂਮੀ ਦੀਆਂ ਕਿਸਮਾਂ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੀਆਂ ਲਗਭਗ 60% ਜ਼ਮੀਨਾਂ ਹਲਕੀਆਂ ਤੋਂ ਦਰਮਿਆਨਿਆਂ (ਮੈਰਾ ਰੇਤਲੀ ਅਤੇ ਰੇਤਲੀ ਮੈਰਾ) ਸ਼੍ਰੇਣੀ ਵਾਲੀਆਂ ਹਨ ਜਿਨ੍ਹਾਂ ਦੀ ਕੁਦਰਤੀ ਤੌਰ ਤੇ ਭੂਮੀ ਘਣਤਾ ਪਹਿਲਾਂ ਹੀ ਵਧੇਰੇ ਹੁੰਦੀ ਹੈ। ਸੁੱਕਣ ਉਪਰੰਤ ਇਹ ਜ਼ਮੀਨਾਂ ਸਖ਼ਤ ਹੋ ਜਾਂਦੀਆਂ ਹਨ ਜਿਸ ਨਾਲ ਬੂਟੇ ਦੀਆਂ ਜੜ੍ਹਾਂ ਦਾ ਵਾਧਾ ਰੁਕ ਜਾਂਦਾ ਹੈ ਅਤੇ ਫ਼ਸਲ ਦੀ ਪੈਦਾਵਾਰ ਘੱਟ ਜਾਂਦੀ ਹੈ।
ਉਹਨਾਂ ਨੇ ਅੱਗੇ ਦਸਿਆ ਕਿ ਭਾਰੀਆਂ ਜਾਂ ਬਰੀਕ-ਬਣਤਰ ਵਾਲੀਆਂ ਜ਼ਮੀਨਾਂ ਵਿਚ ਵੀ ਵਧੇਰੇ ਚੀਕਣਾਪਨ ਹੋਣ ਕਰਕੇ ਪਾਣੀ ਦੇ ਜ਼ਮੀਨ ਹੇਠ ਜ਼ੀਰਨ ਵਿੱਚ ਦਿੱਕਤ ਪੇਸ਼ ਆਉਂਦੀ ਹੈ। ਇਸ ਨਾਲ ਪਾਣੀ ਦੇ ਜ਼ਮੀਨ ਉਪੱਰ ਖੜਨ ਅਤੇ ਹਵਾਖੋਰੀ ਵਰਗੀਆਂ ਸਮੱਸਿਆਵਾਂ ਵੀ ਪੈਦਾ ਹੁੰਦੀਆਂ ਹਨ ਅਤੇ ਪੌਦਿਆਂ ਦੀਆਂ ਜੜ੍ਹਾਂ ਦੇ ਪਸਾਰ ਵਿਚ ਕਮੀ ਆਉਂਦੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਝੋਨੇ ਵਿਚ ਲਗਾਤਾਰ ਕੱਦੂ ਕਰਨ ਕਰਕੇ ਅਤੇ ਜ਼ਮੀਨ ਵਿੱਚ ਸਖਤ ਤਹਿ ਬਣਨ ਕਾਰਨ ਅਗਲੀਆਂ ਫਸਲਾਂ ਦੇ ਝਾੜ ਤੇ ਮਾੜਾ ਅਸਰ ਪੈਂਦਾ ਹੈ।
ਡਾ: ਧਨਵਿੰਦਰ ਸਿੰਘ, ਪ੍ਰੋਫੈਸਰ ਅਤੇ ਮੁਖੀ, ਭੂਮੀ ਵਿਗਿਆਨ ਵਿਭਾਗ ਨੇ ਇਸ ਵਿਚਾਰ ਨੂੰ ਹੋਰ ਦਰਸਾਉਂਦੇ ਹੋਏ ਦੱਸਿਆਂ ਕਿ ਇੱਕ ਨਿਸ਼ਚਿਤ ਵਿੱਥ (ਗੰਨੇ ਲਈ 100 ਸੈਂਟੀਮੀਟਰ ਅਤੇ ਮੱਕੀ ਅਤੇ ਹੋਰ ਫ਼ਸਲਾਂ ਲਈ 35-40 ਸੈਂਟੀਮੀਟਰ) ‘ਤੇ 40-45 ਸੈਂਟੀਮੀਟਰ ਦੀ ਡੂੰਘਾਈ ਤੱਕ ਚੀਜ਼ਲ ਜਾਂ ਡੂੰਘੀ ਵਹਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਯੂਨੀਵਰਸਿਟੀ ਵਿੱਚ ਕੀਤੀ ਖੋਜ ਦੇ ਅਨੁਸਾਰ ਇਸ ਵਿਧੀ ਨਾਲ ਮੱਕੀ (10-100%), ਕਣਕ (ਝੋਨੇ ਤੋਂ ਬਾਅਦ) (10-15%), ਗੰਨਾ (15%), ਸੂਰਜਮੁਖੀ (10-15%) , ਸੋਇਆਬੀਨ (5-15%) ਅਤੇ ਰਾਇਆ (5-15%) ਵਰਗੀਆਂ ਫ਼ਸਲਾਂ ਦੇ ਝਾੜ ਵਿੱਚ ਵਾਧਾ ਹੋਇਆ ਹੈ। ਉਹਨਾਂ ਨੇ ਦੱਸਿਆ ਕਿ ਡੂੰਘੀ ਵਹਾਈ ਦਾ ਫਾਇਦਾ ਰੇਤਲੀਆਂ ਜ਼ਮੀਨਾਂ, ਸੀਮਤ-ਸਿੰਚਾਈ ਵਾਲੀਆਂ ਸਥਿਤੀਆਂ ਅਤੇ ਗਰਮੀਆਂ/ਸਾਉਣੀ ਦੇ ਮੌਸਮ ਵਿੱਚ ਵਧੇਰੇ ਹੁੰਦਾ ਹੈ।
ਡਾ: ਮੇਹਰਬਾਨ ਸਿੰਘ ਕਾਹਲੋਂ, ਪ੍ਰੱਮੁਖ ਭੂਮੀ ਵਿਗਿਆਨੀ, ਨੇ ਸਲਾਹ ਦਿੱਤੀ ਕਿ ਜ਼ਮੀਨ ਦੀ ਵੱਧ ਤੋਂ ਵੱਧ ਨਰਮਾਈ ਪ੍ਰਾਪਤ ਕਰਨ ਲਈ ਚੀਜ਼ਲਿੰਗ ਤਕਨੀਕ ਦੀ ਵਰਤੋਂ ਸੁੱਕੀਆਂ ਜ਼ਮੀਨਾਂ ਦੀਆ ਹਾਲਤਾਂ ਵਿੱਚ ਕੀਤੀ ਜਾਵੇ ਅਤੇ ਇਸ ਗੱਲ ਦਾ ਧਿਆਨ ਵੀ ਰੱਖਿਆ ਜਾਵੇ ਕਿ ਟਰੈਕਟਰ ਦੇ ਪਹੀਏ ਡੂੰਘੀ ਵਹਾਈ ਵਾਲੇ ਹਿੱਸੇ ਵਿੱਚ ਦੁਬਾਰਾ ਨਾ ਜਾਣ। ਇਸ ਵਿਧੀ ਦੇ ਆਰਥਿਕ ਪਹਿਲੂ ਬਾਰੇ ਵਿਸਥਾਰ ਵਿੱਚ ਦੱਸਦਿਆਂ ਉਹਨਾਂ ਨੇ ਕਿਹਾ ਕਿ ਵਿੱਥ ਦੇ ਅਧਾਰ ਤੇ ਇਸ ਨਾਲ ਲੱਗਭੱਗ 600 ਤੋਂ 1000 ਰੁਪਏ ਪ੍ਰਤੀ ਏਕੜ ਖਰਚਾ ਆਉਂਦਾ ਹੈ। ਫ਼ਸਲ ਦੀ ਉਤਪਾਦਕਤਾ ਦੇ ਟਿਕਾਊ ਲਾਭ ਲੈਣ ਲਈ ਹਰ 2 ਤੋਂ 3 ਸਾਲਾਂ ਵਿੱਚ ਇਸ ਨੂੰ ਇੱਕ ਵਾਰ ਜ਼ਰੂਰ ਦੁਹਰਾਉਣਾ ਚਾਹੀਦਾ ਹੈ।