Khetibadi

ਝੋਨੇ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਪਹਿਲਾਂ ਹੀ ਕਰ ਲਵੋ ਇਹ ਕੰਮ ਨਹੀਂ ਤਾਂ…

PAU VC, Dwarfing Disease in Rice Crop, Agricultural news
ਲੁਧਿਆਣਾ : ਸਾਲ 2022 ਦੇ ਸਾਉਣੀ ਸੀਜਨ ਦੌਰਾਨ ਪੰਜਾਬ ਅਤੇ ਹਰਿਆਣਾ ਸਮੇਤ ਉੱਤਰੀ ਭਾਰਤ ਦੇ ਝੋਨਾ ਲਾਉਣ ਵਾਲੇ ਖੇਤਰਾਂ ਤੋਂ ਬੂਟਿਆਂ ਦੇ ਮਧਰੇਪਣ ਦੀ ਭੇਤਭਰੀ ਬਿਮਾਰੀ ਦੀ ਸ਼ਿਕਾਇਤ ਦੇਖਣ ਵਿਚ ਆਈ ਸੀ| ਇਸ ਬਿਮਾਰੀ ਨੇ ਪੂਰੇ ਉੱਤਰੀ ਭਾਰਤ ਵਿਚ ਝੋਨਾ ਬੀਜਣ ਵਾਲੇ ਖੇਤਰ ਦੇ ਸੈਂਕੜੇ ਏਕੜ ਰਕਬੇ ਨੂੰ ਪ੍ਰਭਾਵਿਤ ਕੀਤਾ| ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਜਾਂਚ ਕੀਤੀ ਅਤੇ ਇਸ ਬਿਮਾਰੀ ਦੇ ਕਾਰਨ ਵਜੋਂ ਸਦਰਨ ਰਾਈਸ ਬਲੈਕ ਸਟ੍ਰੀਕਡ ਡਵਾਰਫ ਨਾਂ ਦੇ ਇਕ ਵਾਇਰਸ ਦਾ ਪਤਾ ਲਗਾਇਆ|
ਪੀ.ਏ.ਯੂ. ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਅੱਜ ਕਿਹਾ ਕਿ ਭਾਰਤ ਵਿੱਚ ਪਹਿਲੀ ਵਾਰ ਇਸ ਵਿਸ਼ਾਣੂਂ ਦਾ ਪਤਾ ਲੱਗਾ ਹੈ| ਉਨ੍ਹਾਂ ਜੋਰ ਦੇ ਕੇ ਕਿਹਾ ਕਿ ਇਕੱਲੇ ਪੰਜਾਬ ਵਿਚ ਹੀ ਇਸ ਵਾਇਰਸ ਦਾ ਪ੍ਰਭਾਵ ਲਗਭਗ 34,000 ਹੈਕਟੇਅਰ ਰਕਬੇ ’ਤੇ ਦੇਖਿਆ ਗਿਆ| ਡਾ. ਗੋਸਲ ਨੇ ਕਿਸਾਨਾਂ ਨੂੰ ਇਸ ਸਾਲ ਸੁਚੇਤ ਰਹਿਣ ਦੀ ਅਪੀਲ ਕੀਤੀ| ਉਨ੍ਹਾਂ ਕਿਹਾ ਕਿ ਝੋਨੇ ਦੀ ਲੁਆਈ ਦਾ ਸੀਜਨ ਅੱਧ ਜੂਨ ਵਿੱਚ ਸ਼ੁਰੂ ਹੋ ਜਾਂਦਾ ਹੈ ਅਤੇ ਕਿਸਾਨਾਂ ਨੂੰ ਇਸ ਸਾਲ ਅਜਿਹੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਕਿਸਾਨ ਅਗਾਊਂ ਹੀ ਇਸ ਬਾਰੇ ਸੁਚੇਤ ਰਹਿਣ|
PAU VC, Dwarfing Disease in Rice Crop, Agricultural news
ਇਸ ਬਿਮਾਰੀ ਦੇ ਖਾਸ ਲੱਛਣਾਂ ਬਾਰੇ ਪੀ.ਏ.ਯੂ. ਦੇ ਨਿਰਦੇਸਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਦੱਸਿਆ ਕਿ ਖੁਰਾਕੀ ਤੱਤਾਂ ਦੀ ਸਿਫਾਰਸ ਕੀਤੀ ਮਾਤਰਾ ਪਾਉਣ ਦੇ ਬਾਵਜੂਦ ਵਾਇਰਸ ਤੋਂ ਪ੍ਰਭਾਵਿਤ ਬੂਟਿਆਂ ਦਾ ਵਿਕਾਸ ਰੁਕ ਜਾਂਦਾ ਹੈ| ਇਸਦੇ ਨਤੀਜੇ ਵਜੋਂ ਝੋਨੇ ਦੇ ਬੂਟਿਆਂ ਦਾ ਆਕਾਰ ਆਮ ਆਕਾਰ ਦੇ ਮੁਕਾਬਲੇ ਸਿਰਫ ਇੱਕ ਤਿਹਾਈ ਜਾਂ ਅੱਧਾ ਰਹਿ ਜਾਂਦਾ ਹੈ | ਡਾ. ਢੱਟ ਨੇ ਅੱਗੇ ਦੱਸਿਆ ਕਿ ਬੌਣੇ ਬੂਟਿਆਂ ਦੀਆਂ ਜੜ੍ਹਾਂ ਮੁਕਾਬਲਤਨ ਘੱਟ ਹੁੰਦੀਆਂ ਹਨ ਅਤੇ ਪੌਦਾ ਅੰਤ ਵਿੱਚ ਸੁੱਕ ਜਾਂਦਾ ਹੈ| ਇਹ ਲੱਛਣ ਕਿਸਾਨਾਂ ਦੇ ਖੇਤ ਵਿੱਚ ਝੋਨੇ ਦੀਆਂ ਲਗਭਗ ਸਾਰੀਆਂ ਹੀ ਕਿਸਮਾਂ ਵਿੱਚ ਦੇਖੇ ਗਏ ਸਨ|
ਇਸ ਤੋਂ ਇਲਾਵਾ ਡਾ. ਢੱਟ ਨੇ ਧਿਆਨ ਦਿਵਾਇਆ ਕਿ ਪਿਛਲੇ ਸਾਲ ਪਿਛੇਤੀ ਬਿਜਾਈ ਵਾਲ਼ੀਆਂ ਫਸਲਾਂ ਦੇ ਮੁਕਾਬਲੇ ਅਗੇਤੀ ਬੀਜੀ ਗਈ ਝੋਨੇ ਦੀ ਫਸਲ ਵਿੱਚ ਬੌਣਾਪਨ ਜ਼ਿਆਦਾ ਦਿਖਾਈ ਦਿੱਤਾ ਸੀ | ਪੰਜਾਬ ਦੇ ਫਤਿਹਗੜ੍ਹ ਸਾਹਿਬ, ਪਟਿਆਲਾ, ਐਸਏਐਸ ਨਗਰ, ਰੋਪੜ, ਪਠਾਨਕੋਟ ਅਤੇ ਲੁਧਿਆਣਾ ਜ਼ਿਲ੍ਹਿਆਂ ਵਿੱਚ 5-7% ਖੇਤਾਂ ਵਿੱਚ ਬੌਣੇਪਨ ਦੇ ਲੱਛਣ ਦੇਖੇ ਗਏ| ਪ੍ਰਭਾਵਿਤ ਖੇਤਾਂ ਵਿੱਚ ਮਧਰੇ ਰਹਿ ਗਏ ਬੂਟੇ 1 ਤੋਂ 6% ਤੱਕ ਸਨ| ਡਾ. ਢੱਟ ਨੇ ਦੱਸਿਆ ਕਿ ਕੁਝ ਖੇਤਰਾਂ ਵਿੱਚ ਬਿਮਾਰੀ ਦਾ ਪ੍ਰਭਾਵ ਇਸ ਤੋਂ ਵੱਧ ਵੀ ਦੇਖਿਆ ਗਿਆ |
PAU VC, Dwarfing Disease in Rice Crop, Agricultural news
ਪੌਦਾ ਰੋਗ ਵਿਗਿਆਨ ਵਿਭਾਗ ਦੇ ਮੁਖੀ ਡਾ. ਪ੍ਰਭਜੋਧ ਸਿੰਘ ਸੰਧੂ ਨੇ ਦੱਸਿਆ ਕਿ ਵਿਭਾਗ ਦੇ ਵਿਗਿਆਨੀ ਸਰਗਰਮੀ ਨਾਲ ਉਨ੍ਹਾਂ ਖੇਤਰਾਂ ਵਿੱਚ ਸਰਵੇਖਣ ਕਰ ਰਹੇ ਹਨ ਜਿੱਥੇ ਪਿਛਲੇ ਸਾਲ ਇਹ ਬਿਮਾਰੀ ਦੇਖੀ ਗਈ ਸੀ| ਉਹ ਵਾਇਰਸ ਦੀ ਕਿਸੇ ਵੀ ਲੁਕਵੀਂ ਲਾਗ ਦਾ ਪਤਾ ਲਗਾਉਣ ਲਈ ਝੋਨੇ ਦੀ ਪਨੀਰੀ ਵਿਚੋਂ ਨਮੂਨੇ ਇਕੱਠੇ ਕਰ ਰਹੇ ਹਨ| ਡਾ. ਸੰਧੂ ਨੇ ਜੋਰ ਦੇ ਕੇ ਕਿਹਾ ਕਿ ਕਿਉਂਕਿ ਇਸ ਬਿਮਾਰੀ ਦਾ ਕਾਰਨ ਇੱਕ ਵਾਇਰਸ ਹੈ ਇਸ ਲਈ ਇਸਦੀ ਰੋਕਥਾਮ ਵਾਸਤੇ ਕਿਸੇ ਵੀ ਰਸਾਇਣਕ ਵਿਧੀ ਦੀ ਸਿੱਧੀ ਸਿਫਾਰਸ ਨਹੀਂ ਕੀਤੀ ਜਾਂਦੀ| ਇਹ ਵਾਇਰਸ ਚਿੱਟੀ ਪਿੱਠ ਵਾਲ਼ੇ ਟਿੱਡੇ ਨਾਮਕ ਇੱਕ ਛੋਟੇ ਕੀੜੇ ਰਾਹੀਂ ਫੈਲਦਾ ਹੈ, ਅਤੇ ਇਸ ਕੀੜੇ ਦੀ ਮੌਜੂਦਗੀ ਲਈ ਝੋਨੇ ਦੇ ਬੂਟਿਆਂ ਦੀ ਲਗਾਤਾਰ ਨਿਗਰਾਨੀ ਕਰਨੀ ਚਾਹੀਦੀ ਹੈ|
ਇਸ ਬਾਰੇ ਹੋਰ ਗੱਲ ਕਰਦਿਆਂ ਪ੍ਰਮੁੱਖ ਕੀਟ-ਵਿਗਿਆਨੀ ਡਾ. ਕਮਲਜੀਤ ਸਿੰਘ ਸੂਰੀ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਕਿਸਾਨ ਵੀਰ ਚਿੱਟੀ ਪਿੱਠ ਵਾਲੇ ਟਿੱਡੇ ਦੀ ਨਿਗਰਾਨੀ ਝੋਨੇ ਦੀ ਪਨੀਰੀ ਤੋਂ ਹੀ ਸ਼ੁਰੂ ਕਰ ਦੇਣ| ਇਸ ਲਈ ਖੇਤ ਵਿੱਚ ਕੁਝ ਬੂਟਿਆਂ ਨੂੰ ਥੋੜ੍ਹਾਂ ਜਿਹਾ ਟੇਢਾ ਕਰਕੇ 2-3 ਵਾਰ ਥਾਪੜੋ ਅਤੇ ਜੇਕਰ ਇਸ ਕੀੜੇ ਦੇ ਬੱਚੇ ਜਾਂ ਬਾਲਗ ਪਾਣੀ ਉੱਪਰ ਤਰਦੇ ਨਜ਼ਰ ਆਉਣ ਤਾਂ ਇਸਦੀ ਸੁਚੱਜੀ ਰੋਕਥਾਮ ਲਈ 94 ਮਿ.ਲੀ ਪੈਕਸਾਲੋਨ 10 ਐੱਸ ਸੀ (ਟ੍ਰਾਈਫਲੂਮੇਜੋਪਾਇਰੀਮ) ਜਾਂ 80 ਗ੍ਰਾਮ ਓਸੀਨ/ਟੋਕਨ/ਡੋਮਿਨੈਂਟ 20 ਐਸਜੀ (ਡਾਇਨੋਟੇਫੁਰਾਨ) ਜਾਂ 120 ਗ੍ਰਾਮ ਚੈਸ 50 ਡਬਲਯੂਜੀ (ਪਾਈਮੇਟ੍ਰੋਜੀਨ) ਜਾਂ 300 ਮਿ.ਲੀ. ਇਮੈਜਿਨ 10 (ਫਲੂਪੀਰੀਮਿਨ) ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ |