ਲੁਧਿਆਣਾ : ਦੇਸ਼ ਦੇ ਠੰਢੇ ਇਲਾਕਿਆਂ ਦਾ ਫਲ਼ ਹੁਣ ਪੰਜਾਬ ਵਿੱਚ ਵੀ ਉੱਗੇਗਾ। ਜੀ ਹਾਂ ਹਿਮਾਚਲ ਅਤੇ ਜੰਮੂ ਕਸ਼ਮੀਰ ਦਾ ਖ਼ਾਸ ਫਲ਼ ਸੇਬ ਦੀ ਹੁਣ ਪੰਜਾਬ ਵਿੱਚ ਵੀ ਕਾਸ਼ਤ ਹੋ ਸਕੇਗੀ। ਇਹ ਕਾਰਨਾਮਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਕਰ ਦਿਖਿਆ ਹੈ। ਯੂਨੀਵਰਸਿਟੀ ਨੇ ਪੰਜਾਬ ਦੇ ਵਾਤਾਵਰਣ ਵਿੱਚ ਪੈਦਾ ਹੋਣ ਵਾਲੀਆਂ ਸੇਬ ਦੀਆਂ ਦੋ ਕਿਸਮਾਂ ‘ਡੋਰਸੈਟ ਗੋਲਡਨ’ ਅਤੇ ‘ਅੰਨਾ’ ਦੀ ਖੋਜ ਕੀਤੀ ਹੈ। ਵੱਡੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਇਨ੍ਹਾਂ ਦੋਹਾਂ ਕਿਸਮਾਂ ਨੂੰ ਮਾਨਤਾ ਵੀ ਦੇ ਦਿੱਤੀ ਹੈ।
ਹਾਲਾਂਕਿ ਪੰਜਾਬ ਦੇ ਵਾਤਾਵਰਣ ਦੇ ਹਿਸਾਬ ਮੁਤਾਬਕ ਕੁੱਝ ਕਿਸਾਨ ਆਪਣੇ ਪੱਧਰ ਸੇਬ ਦੀ ਪੈਦਾਵਾਰ ਕਰ ਰਹੇ ਹਨ। ਪਰ ਇਹ ਪਹਿਲੀ ਵਾਰ ਹੈ ਕਿ ਪੰਜਾਬ ਦੀ ਸਰਕਾਰੀ ਯੂਨੀਵਰਸਿਟੀ ਨੇ ਆਪਣੇ ਪੱਧਰ ਉੱਤੇ ਸੂਬੇ ਲਈ ਸੇਬ ਦੀਆਂ ਕਿਸਮਾਂ ਦੀ ਖੋਜ ਕੀਤੀ ਹੈ ਅਤੇ ਸਰਕਾਰ ਨੇ ਇਨ੍ਹਾਂ ਨੂੰ ਮਾਨਤਾ ਵੀ ਦਿੱਤੀ ਹੈ। ਸੇਬ ਦੀਆਂ ਇਹ ਕਿਸਮਾਂ ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ, ਪਠਾਨਕੋਟ, ਪਟਿਆਲਾ, ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਕਾਸ਼ਤ ਲਈ ਢੁਕਵੀਆਂ ਹਨ।
‘ਡੋਰਸੈਟ ਗੋਲਡਨ’ ਕਿਸਮ
ਇਹ ਸੇਬ ਦੀ ਇੱਕ ਘੱਟ ਸਮੇਂ ਵਿੱਚ ਜਲਦੀ ਪੱਕਣ ਵਾਲੀ ਕਿਸਮ ਹੈ। ਫਲ਼ ਗੋਲ-ਸ਼ੰਕੂਦਾਰ ਆਕਾਰ ਦੇ ਹਰੇ-ਪੀਲੇ ਹੁੰਦੇ ਹਨ। ਫਲ਼ਾਂ ਦਾ ਆਕਾਰ ਛੋਟਾ ਰਹਿੰਦਾ ਹੈ ਯਾਨੀ 55-65 ਮਿਲੀਮੀਟਰ ਵਿਆਸ। ਇਸ ਵਿੱਚ ਟੀ ਐੱਸ ਐੱਸ 13.0%, ਐਸਿਡਿਟੀ 0.3% ਅਤੇ ਟੀ ਐੱਸ ਐੱਸ/ਐਸਿਡ ਅਨੁਪਾਤ 43.3 ਹੈ। ਇਹ ਰੁੱਖ ਜੂਨ ਦੇ ਪਹਿਲੇ ਪੰਦ੍ਹਰਵਾੜੇ ਵਿੱਚ ਫਲ਼ ਦਿੰਦਾ ਹੈ। ਔਸਤਨ ਝਾੜ 30 ਕਿੱਲੋ ਪ੍ਰਤੀ ਰੁੱਖ ਹੈ।
ਅੰਨਾ ਦੀ ਕਿਸਮ:
ਇਹ ਵੀ ਸੇਬ ਦੀ ਇੱਕ ਛੇਤੀ ਪੱਕਣ ਵਾਲੀ ਕਿਸਮ ਹੈ। ਫਲ਼ਾਂ ‘ਤੇ ਥੋੜ੍ਹਾ ਜਿਹਾ ਲਾਲ ਰੰਗ ਦਾ ਹੁੰਦਾ ਹੈ। ਫਲ਼ ਆਕਾਰ ਵਿਚ ਛੋਟੇ ਹੁੰਦੇ ਹਨ ਯਾਨੀ 55-65 ਮਿਲੀਮੀਟਰ ਵਿਆਸ)। ਇਸ ਵਿੱਚ ਟੀ ਐੱਸ ਐੱਸ 12.7%, ਐਸਿਡਿਟੀ 0.3% ਅਤੇ ਟੀ ਐੱਸ ਐੱਸ/ਐਸਿਡ ਅਨੁਪਾਤ 34 ਹੈ। ਫਲ਼ ਮਈ ਦੇ ਚੌਥੇ ਹਫ਼ਤੇ ਤੋਂ ਜੂਨ ਦੇ ਦੂਜੇ ਹਫ਼ਤੇ ਤੱਕ 32 ਕਿੱਲੋਗਰਾਮ/ਰੁਖ ਦੀ ਔਸਤ ਪੈਦਾਵਾਰ ਦੇ ਨਾਲ ਉਪਲਬਧ ਹੁੰਦੇ ਹਨ।
ਇੱਥੋਂ ਮਿਲਣਗੇ ਬੂਟੇ, PAU ਕਰੇਗੀ ਤੁਹਾਡੇ ਬਾਗ਼ ਦੀ ਰਾਖੀ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਸਤਬੀਰ ਸਿੰਘ ਗੋਸਲ ਨੇ ਦੱਸਿਆ ਕਿ ਖੇਤੀ ਵਿਗਿਆਨੀਆਂ ਵੱਲੋਂ ਕਈ ਸਾਲਾਂ ਦੀ ਖੋਜ ਤੋਂ ਬਾਅਦ ਸੇਬ ਦੇ ਪੌਦਿਆਂ ਦੀਆਂ ਦੋ ਕਿਸਮਾਂ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਇਹ ਕਿਸਮਾਂ ਬਾਗ਼ਬਾਨੀ ਕਰਕੇ ਕਿਸਾਨਾਂ ਨੂੰ ਬਹੁਤ ਲਾਭ ਦੇ ਸਕਦੀਆਂ ਹਨ। ਕਿਸਾਨ ਪੀਏਯੂ ਨਾਲ ਸੰਪਰਕ ਕਰ ਸਕਦੇ ਹਨ। ਯੂਨੀਵਰਸਿਟੀ ਨਾ ਸਿਰਫ਼ ਕਿਸਾਨਾਂ ਨੂੰ ਬੂਟੇ ਮੁਹੱਈਆ ਕਰਵਾਏਗੀ, ਬਲਕਿ ਸਾਡੇ ਵਿਗਿਆਨੀ ਬਗ਼ੀਚਿਆਂ ਵਿੱਚ ਸਮੇਂ-ਸਮੇਂ ਉੱਤੇ ਖ਼ੁਦ ਗੇੜਾ ਪੌਦਿਆਂ ਦੀ ਦੇਖਭਾਲ ਵੀ ਕਰਨਗੇ।
ਪੰਜਾਬ ਸਰਕਾਰ ਨੇ ਦਿੱਤੇ ਇਹ ਨਿਰਦੇਸ਼
ਇਸ ਬਾਗ਼ਬਾਨੀ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਵਿਭਾਗ ਨੂੰ ਇਸ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਬਾਗ਼ਬਾਨੀ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਮਾਹਿਰ ਟੀਮ ਗਠਿਤ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਇਹ ਕਿਸਾਨਾਂ ਦੇ ਸੇਬ ਦੇ ਬਾਗ਼ਾਂ ਦੀ ਨਿਗਰਾਨੀ ਕਰੇਗਾ, ਪਰ ਕਿਸਾਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਮਦਦ ਵੀ ਕਰੇਗਾ।