ਬਿਊਰੋ ਰਿਪੋਰਟ : ਤਖ਼ਤ ਪਟਨਾ ਸਾਹਿਬ ਦੇ ਪ੍ਰਬੰਧਨ ਨੂੰ ਲੈਕੇ 2 ਧੜਿਆਂ ਦੀ ਲੜਾਈ ਨੇ ਸਿੱਖ ਪੰਥ ਦੇ ਸਾਹਮਣੇ ਵੱਡੀ ਦੁਬਿਧਾ ਖੜੀ ਕਰ ਦਿੱਤੀ ਹੈ। ਇੱਕ ਵਾਰ ਮੁੜ ਤੋਂ ਵੱਡਾ ਸਵਾਲ ਸਾਹਮਣੇ ਆਇਆ ਹੈ ਕਿ ਪੰਜ ਪਿਆਰੇ ਸ਼੍ਰੀ ਅਕਾਲ ਤਖ਼ਤ ਦੇ ਹੁਕਮਨਾਮੇ ਨੂੰ ਰੱਦ ਕਰ ਸਕਦੇ ਹਨ । ਇਸ ਤੋਂ ਪਹਿਲਾਂ ਬੇਅਦਬੀ ਮਾਮਲੇ ਵਿੱਚ ਸ਼੍ਰੀ ਅਕਾਲ ਤਖ਼ਤ ਦੇ ਪੰਜ ਪਿਆਰਿਆਂ ਵੱਲੋਂ ਅਜਿਹਾ ਕੀਤਾ ਗਿਆ ਸੀ ਪਰ ਇਸ ਨੂੰ ਸਿੱਖ ਪੰਥ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ ਸੀ। ਹੁਣ 6 ਦਸੰਬਰ ਨੂੰ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਤਖ਼ਤ ਪਟਨਾ ਸਾਹਿਬ ਦੇ ਪ੍ਰਬੰਧਕੀ ਢਾਂਚੇ ਅਤੇ 2 ਸਾਬਕਾ ਜਥੇਦਾਰਾਂ ‘ਤੇ ਲਏ ਗਏ ਫੈਸਲੇ ਨੂੰ ਤਖ਼ਤ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਰੱਦ ਕਰ ਦਿੱਤਾ ਗਿਆ ਹੈ।
ਤਖ਼ਤ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਦੇ 6 ਦਸੰਬਰ ਦੇ ਫੈਸਲਿਆਂ ਨੂੰ ਚੁਣੌਤੀ ਦਿੰਦੇ ਹੋਏ 2 ਦਿਨਾਂ ਦੇ ਅੰਦਰ ਜਥੇਦਾਰ ਹਰਪ੍ਰੀਤ ਸਿੰਘ ਕੋਲੋ ਸਪਸ਼ਟੀਕਰਨ ਮੰਗਿਆ ਹੈ। ਪੰਜ ਪਿਆਰਿਆਂ ਨੇ ਪੱਤਰ ਲਿਖ ਕੇ ਕਿਹਾ ਤੁਸੀਂ 6 ਦਸੰਬਰ ਨੂੰ ਪ੍ਰਬੰਧਕੀ ਬੋਰਡ ਨੂੰ ਤਲਬ ਕਰਕੇ ਕੁਝ ਫੈਸਲੇ ਸੁਣਾਏ ਹਨ ਜਿਸ ਨਾਲ ਮਾਹੌਲ ਤਣਾਅਪੂਰਨ ਹੋ ਗਿਆ ਹੈ । ਇਸ ਲਈ ਤੁਹਾਡੇ ਵੱਲੋਂ ਲਏ ਗਏ ਫੈਸਲੇ ਰੱਦ ਕੀਤੇ ਜਾਂਦੇ ਹਨ । ਕਿਉਂਕਿ ਤਖ਼ਤ ਪਟਨਾ ਸਾਹਿਬ ਦੇ ਸੰਵਿਧਾਨ ਦੇ ਆਰਟੀਕਲ 79 ਮੁਤਾਬਿਕ ਕਿਸੇ ਵੀ ਧਾਰਮਿਕ ਵਿਵਾਦ ਨੂੰ ਜਦੋਂ ਤੱਕ ਸਮੂਹ ਪ੍ਰਬੰਧਕ ਕਮੇਟੀ ਲਿਖਤ ਰੂਪ ਵਿੱਚ ਸ਼੍ਰੀ ਅਕਾਲ ਤਖ਼ਤ ਨੂੰ ਨਹੀਂ ਦਿੰਦੀ ਹੈ ਉਸ ਵੇਲੇ ਤੱਕ ਤੁਸੀਂ ਦਖ਼ਲ ਨਹੀਂ ਦੇ ਸਕਦੇ ਹੋ।
ਪੰਜ ਪਿਆਰਿਆਂ ਨੇ ਕਿਹਾ ਤਖਤ ਪਟਨਾ ਸਾਹਿਬ ਵਿਖੇ ਪੁਰਾਤਮ ਮਰਿਆਦਾ ਲਾਗੂ ਹੁੰਦੀ ਹੈ ਇਸ ਲਈ ਕਿਸੇ ਵੀ ਤਖ਼ਤ ਵੱਲੋਂ ਲਿਆ ਗਿਆ ਫੈਸਲਾ ਤਖ਼ਤ ਪਟਨਾ ਸਾਹਿਬ ‘ਤੇ ਲਾਗੂ ਨਹੀਂ ਹੁੰਦਾ ਹੈ। ਤਖ਼ਤ ਪਟਨਾ ਸਾਹਿਬ ਦੀ ਮਰਿਆਦਾ ਮੁਤਾਬਿਕ ਜਦੋਂ ਤੱਕ ਪੰਜ ਪਿਆਰਿਆਂ ਆਪ ਕਿਸੇ ਤਨਖਾਰੀਏ ਦਾ ਫੈਸਲਾ ਸ਼੍ਰੀ ਅਕਾਲ ਤਖ਼ਤ ਨੂੰ ਨਹੀਂ ਸੌਂਪ ਦੇ ਹਨ ਉਦੋਂ ਤੱਕ ਸ਼੍ਰੀ ਅਕਾਲ ਤਖ਼ਤ ਫੈਸਲੇ ਨੂੰ ਨਹੀਂ ਬਦਲ ਸਕਦਾ ਹੈ। ਤਖਤ ਪਟਨਾ ਸਾਹਿਬ ਦੀ ਮਰਿਆਦਾ ਜੇਕਰ ਕੋਈ ਸ਼ਖ਼ਸ ਤੋੜ ਦਾ ਹੈ ਤਾਂ ਉਸ ‘ਤੇ ਕਾਰਵਾਈ ਕਰਨ ਦਾ ਅਧਿਕਾਰ ਸਿਰਫ਼ ਤਖ਼ਤ ਪਟਨਾ ਸਾਹਿਬ ਨੂੰ ਹੀ ਹੈ । ਤਖ਼ਤ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਅਧਿਕਾਰਾਂ ਨਾਲ ਜਾਣੂ ਕਰਵਾਉਣ ਦੇ ਨਾਲ 6 ਦਸੰਬਰ ਦੇ ਸ਼੍ਰੀ ਅਕਾਲ ਤਖ਼ਤ ਦੇ ਫੈਸਲਿਆਂ ਨੂੰ ਲੈਕੇ ਕੁਝ ਸਵਾਲ ਵੀ ਚੁੱਕੇ ਹਨ ਜਿਸ ਦਾ ਸਪਸ਼ਟੀਕਰਨ ਮੰਗਿਆ ਗਿਆ ਹੈ ।
ਪੰਜ ਪਿਆਰਿਆਂ ਨੇ ਜਥੇਦਾਰ ਹਰਪ੍ਰੀਤ ਸਿੰਘ ਤੋਂ ਮੰਗਿਆ ਸਪਸ਼ਟੀਕਰਨ
1. 2 ਦਸੰਬਰ 2022 ਨੂੰ ਤੁਹਾਡੇ ਵੱਲੋਂ ਭੇਜੇ ਗਏ ਪੱਤਰ ਵਿੱਚ ਤਖ਼ਤ ਪਟਨਾ ਸਾਹਿਬ ਤੋਂ ਛੇਕੇ ਗਏ ਰਣਜੀਤ ਸਿੰਘ ਗੌਹਰ ਦੇ ਨਾਲ ‘ਜਥੇਦਾਰ’ਕਿਉਂ ਜੋੜਿਆ ਗਿਆ ?
2. ਗੈਰ ਸੰਵਿਧਾਨਿਕ ਤਰੀਕੇ ਨਾਲ ਤੁਸੀਂ ਬੋਰਡ ਦੇ ਮੈਂਬਰਾਂ ਨੂੰ ਕਿਸ ਅਧਾਰ ‘ਤੇ ਤਲਬ ਕੀਤਾ ? ਤੁਸੀਂ ਕਿਸ ਅਧਾਰ ‘ਤੇ ਬੋਰਡ ਨੂੰ ਬਹੁਮਤ ਸਾਬਿਤ ਕਰਨ ਦੇ ਨਿਰਦੇਸ਼ ਦਿੱਤੇ ? ਤੁਹਾਡੇ ਵੱਲੋਂ ਇੱਕ ਪੱਖ ਨੂੰ ਸਾਜਿਸ਼ ਅਧੀਨ ਨਿਵਾ ਵਿਖਾਇਆ ਗਿਆ ਜਲੀਲ ਕੀਤਾ ਗਿਆ ।
3. ਤੁਹਾਡੇ ਵੱਲੋਂ ਜੋ 5 ਮੈਂਬਰੀ ਕਮੇਟੀ ਬਣੀ ਹੈ ਉਹ ਕਿਸ ਅਧਾਰ ਨਾਲ ਬਣੀ ਹੈ ?
4. ਤੁਸੀਂ ਭਾਈ ਬਲਦੇਵ ਸਿੰਘ ਦੀ 38 ਸਾਲ ਦੀ ਸੇਵਾ ਨੂੰ ਕਿਵੇਂ ਨਜ਼ਰ ਅੰਦਾਜ ਕਰਕੇ ਉਨ੍ਹਾਂ ਦੇ ਖਿਲਾਫ਼ ਸਖ਼ਤ ਸ਼ਬਦਾਵਲੀ ਦੀ ਵਰਤੋ ਕੀਤੀ ਅਤੇ ਉਨ੍ਹਾਂ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਈ ਹੈ । ਇਹ ਕਿੱਥੋਂ ਤੱਕ ਜਾਇਜ਼ ਹੈ ?
5. ਤਖ਼ਤ ਸਾਹਿਬ ਦੇ ਸਮੂਹ ਮੁਲਾਜ਼ਮਾਂ’ਤੇ ਕਿਸ ਤੱਥ ਦੇ ਅਧਾਰ ‘ਤੇ ਨਸ਼ਾ ਕਰਨ ਦਾ ਝੂਠਾ ਇਲਜ਼ਾਮ ਲਗਾ ਕੇ ਅਪਮਾਨ ਕੀਤਾ ਗਿਆ ਹੈ ?
ਪੰਜ ਪਿਆਰਿਆ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਤੋਂ 2 ਦਿਨਾਂ ਦੇ ਅੰਦਰ ਜਵਾਬ ਮੰਗਿਆ ਹੈ । ਅਤੇ ਨਾਲ ਹੀ ਕਿਹਾ ਹੈ ਕਿ ਤੁਸੀਂ ਅੱਗੇ ਤੋਂ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਵਿਖੇ ਕਿਸੀ ਪ੍ਰਕਾਰ ਦੇ ਫੈਸਲੇ ਵਿੱਚ ਕੋਈ ਆਦੇਸ਼ ਜਾਰੀ ਨਹੀਂ ਕਰੋਗੇ ਜੇਕਰ ਕਰਦੇ ਹੋ ਤਾਂ ਉਹ ਮੰਨਣਯੋਗ ਨਹੀਂ ਹੋਵਾਗੇ । ਇਸ ਚਿੱਠੀ ਦੇ ਹੇਠਾਂ ਪੰਜ ਪਿਆਰੇ ਗੁਰਦਿਆਲ ਸਿੰਘ,ਸੀਨੀਅਰ ਮੀਤ ਗ੍ਰੰਥੀ, ਬਲਦੇਵ ਸਿੰਘ, ਹੈੱਡ ਗ੍ਰੰਥੀ, ਪਰਸ਼ੂਰਾਮ ਸਿੰਘ,ਗ੍ਰੰਥੀ,ਜਸਵੰਤ ਸਿੰਘ ਗ੍ਰੰਥੀ,ਅਮਰਜੀਤ ਸਿੰਘ ਗੰਥੀ ਨੇ ਹਸਤਾਖਰ ਕੀਤੇ ਹਨ । 2 ਦਿਨ ਪਹਿਲਾਂ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਲਜ਼ਾਮ ਲਗਾਇਆ ਸੀ ਕਿ ਕੁਝ ਹੁੱਲੜਬਾਜ਼ ਤਨਖਾਹੀਆ ਇਕਬਾਲ ਸਿੰਘ ਦੇ ਇਸ਼ਾਰੇ ‘ਤੇ ਮਾਹੌਲ ਖਰਾਬ ਕਰਨਾ ਚਾਉਂਦੇ ਹਨ । ਉਨ੍ਹਾਂ ਨੇ ਬਿਹਾਰ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਇਸ ਨੂੰ ਰੋਕਿਆ ਜਾਵੇ ਨਹੀਂ ਤਾਂ ਪੰਜਾਬ ਅਤੇ ਪੂਰੇ ਦੇਸ਼ ਤੋਂ ਸੰਗਤਾਂ ਪਟਨਾ ਸਾਹਿਬ ਪਹੁੰਚਣਗੀਆਂ