India Punjab

ਦੂਜੇ ਸੂਬਿਆਂ ਦੇ ਮਰੀਜ਼ ਪੰਜਾਬ ਦੇ ਇਸ ਜ਼ਿਲ੍ਹੇ ਦੇ ਹਸਪਤਾਲਾਂ ‘ਚ ਹੋ ਰਹੇ ਹਨ ਦਾਖਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰੋਨਾ ਮਹਾਂਮਾਰੀ ਕਾਰਨ ਲੋਕ ਪਹਿਲਾਂ ਹੀ ਬਹੁਤ ਹੀ ਸਹਿਮੇ ਹੋਏ ਹਨ ਅਤੇ ਹੁਣ ਸੂਬਿਆਂ ਵਿੱਚ ਆਕਸੀਜਨ ਅਤੇ ਕਰੋਨਾ ਵੈਕਸੀਨ ਦੀ ਘਾਟ ਕਾਰਨ ਉਨ੍ਹਾਂ ਦੀ ਚਿੰਤਾ ਵੱਧ ਗਈ ਹੈ। ਕਰੋਨਾ ਮਰੀਜ਼ ਹਸਪਤਾਲਾਂ ਤੱਕ ਤਾਂ ਪਹੁੰਚ ਜਾਂਦੇ ਹਨ ਪਰ ਉੱਥੇ ਆਕਸੀਜਨ ਅਤੇ ਬੈੱਡ ਨਾ ਮਿਲਣ ਕਰਕੇ ਉਨ੍ਹਾਂ ਦਾ ਇਲਾਜ ਨਾ ਹੋਣ ਕਰਕੇ ਉਨ੍ਹਾਂ ਦੀ ਮੌਤ ਹੋਣ ਦੀਆਂ ਕਾਫੀ ਖਬਰਾਂ ਸਾਹਮਣੇ ਆ ਰਹੀਆਂ ਹਨ।

ਇਸ ਦੌਰਾਨ ਗੁਆਂਢੀ ਸੂਬਿਆਂ ਵਿੱਚ ਆਕਸੀਜਨ ਦੀ ਘਾਟ ਦੇ ਚੱਲਦਿਆਂ ਬਹੁਤ ਸਾਰੇ ਮਰੀਜ਼ ਜਲੰਧਰ ਦੇ ਹਸਪਤਾਲਾਂ ਵਿੱਚ ਦਾਖ਼ਲ ਹੋ ਰਹੇ ਹਨ। ਜਲੰਧਰ ਵਿੱਚ ਜਿੱਥੇ ਹਸਪਤਾਲਾਂ ਦੀ ਗਿਣਤੀ ਵੱਧ ਹੈ, ਉੱਥੇ ਹੀ ਲੈਵਲ-3 ਦੇ ਬੈੱਡ ਵੀ 1400 ਤੋਂ ਵੱਧ ਹਨ, ਜੋ ਪੰਜਾਬ ਵਿੱਚੋਂ ਸਭ ਤੋਂ ਵੱਧ ਹਨ, ਜਿਸ ਕਾਰਨ ਕਰੋਨਾ ਮਰੀਜ਼ ਜਲੰਧਰ ਵੱਲ ਰੁਖ਼ ਕਰ ਰਹੇ ਹਨ। ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਦਿੱਲੀ, ਹਰਿਆਣਾ, ਜੰਮੂ ਕਸ਼ਮੀਰ ਅਤੇ ਹਿਮਾਚਲ ਵਿੱਚੋਂ 40 ਦੇ ਕਰੀਬ ਮਰੀਜ਼ ਜਲੰਧਰ ਦੇ ਹਸਪਤਾਲਾਂ ਵਿੱਚ ਦਾਖ਼ਲ ਹਨ।

ਉਨ੍ਹਾਂ ਕਿਹਾ ਕਿ ਜਲੰਧਰ ਦੇ ਦੋ ਪਲਾਂਟਾਂ ਕੋਲ 6 ਹਜ਼ਾਰ ਆਕਸੀਜਨ ਸਿਲੰਡਰ ਬਣਾਉਣ ਦੀ ਸਮਰੱਥਾ ਹੈ। ਜਲੰਧਰ ’ਚ ਰੋਜ਼ਾਨਾ 30 ਹਜ਼ਾਰ ਟੀਕੇ ਲੱਗ ਸਕਦੇ ਹਨ ਪਰ ਲੋਕ ਹੁੰਗਾਰਾ ਨਹੀਂ ਦੇ ਰਹੇ। ਉਨ੍ਹਾਂ ਦੱਸਿਆ ਕਿ ਜਲੰਧਰ ਵਿੱਚ ਜਿਹੜੇ ਦੋ ਪਲਾਂਟ ਆਕਸੀਜਨ ਬਣਾ ਰਹੇ ਹਨ, ਉੱਥੇ ਐੱਸਡੀਐੱਮ ਅਤੇ 40-50 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇੰਡਸਟਰੀਆਂ ਨੂੰ ਆਕਸੀਜਨ ਸਪਲਾਈ ਬੰਦ ਕਰ ਦਿੱਤੀ ਗਈ ਹੈ।

ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਸਥਿਤ ਆਕਸੀਜਨ ਦੀਆਂ ਦੋ ਵੱਡੀਆਂ ਤੇ ਤਿੰਨ ਛੋਟੀਆਂ ਫੈਕਟਰੀਆਂ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਹਨ। ਡੀਸੀ ਵਰਿੰਦਰ ਕੁਮਾਰ ਸ਼ਰਮਾ ਨੇ ਜ਼ਿਲ੍ਹੇ ਵਿੱਚ ਆਕਸੀਜਨ ਦੀ ਖਪਤ ਦੀ ਨਿਗਰਾਨੀ ਲਈ 11 ਮੈਂਬਰੀ ਆਕਸੀਜਨ ਆਡਿਟ ਕਮੇਟੀ ਵੀ ਬਣਾਈ ਹੈ। ਕਮੇਟੀ ਆਪਣੇ ਕੰਮਕਾਜ ਬਾਰੇ ਰੋਜ਼ਾਨਾ ਆਪਣੀ ਰਿਪੋਰਟ ਡੀਸੀ ਨੂੰ ਸੌਂਪੇਗੀ। ਜ਼ਿਲ੍ਹਾ ਪ੍ਰਸ਼ਾਸਨ ਫੈਕਟਰੀਆਂ ਵਿੱਚ ਆਕਸੀਜਨ ਲੈਣ ਆਉਣ ਵਾਲੇ ਹਰ ਵਿਅਕਤੀ ’ਤੇ ਨਜ਼ਰ ਰੱਖ ਰਿਹਾ ਹੈ ਅਤੇ ਕਾਗ਼ਜ਼ ਦੇਖਣ ਮਗਰੋਂ ਹੀ ਆਕਸੀਜਨ ਦੀ ਗੱਡੀ ਨੂੰ ਅੱਗੇ ਭੇਜਿਆ ਜਾ ਰਿਹਾ ਹੈ।