Punjab

ਪੰਜਾਬ ਦੇ ਸਿਵਲ ਹਸਪਤਾਲ ‘ਚ ਸ਼ਰਮਨਾਕ, ਅਣਮਨੁੱਖੀ ਤਸਵੀਰ! ਵੇਖ ਕੇ ਦਿਲ ਕੰਭ ਗਿਆ! ‘ਇਹ ਕਿਹੋ ਜਿਹਾ ਵਿਕਾਸ?’

ਲੁਧਿਆਣਾ ਦੇ ਸਿਵਲ ਹਸਪਤਾਲ ਤੋਂ ਸ਼ਰਮਸਾਰ ਕਰਨ ਵਾਲੀ ਤਸਵੀਰ ਸਾਹਮਣੇ ਆਈ ਹੈ। ਹਸਪਤਾਲ ‘ਚ ਇੱਕੋ ਬੈੱਡ ‘ਤੇ ਇੱਕ ਜ਼ਿੰਦਾ ਮਰੀਜ਼ ਦੇ ਨਾਲ ਇੱਕ ਲਾਸ਼ ਰੱਖੀ ਗਈ। ਮਰੀਜ਼ ਸਾਰੀ ਰਾਤ ਲਾਸ਼ ਕੋਲ ਪਿਆ ਰਿਹਾ ਪਰ ਡਾਕਟਰਾਂ ਜਾਂ ਹਸਪਤਾਲ ਦੇ ਕਿਸੇ ਬੰਦੇ ਨੇ ਇਸ ਮਰੀਜ਼ ਜਾਂ ਲਾਸ਼ ਵੱਲ ਕੋਈ ਧਿਆਨ ਨਹੀਂ ਦਿੱਤਾ। ਸਵੇਰੇ ਕਿਸੇ ਨੇ ਇਸ ਮਾਮਲੇ ਬਾਰੇ ਮੀਡੀਆ ਨੂੰ ਦੱਸ ਦਿੱਤਾ। ਜਦੋਂ ਮੀਡੀਆ ਉੱਥੇ ਪਹੁੰਚਿਆ ਤਾਂ ਡਾਕਟਰਾਂ ਵਿੱਚ ਦਹਿਸ਼ਤ ਫੈਲ ਗਈ। ਮੀਡੀਆ ਦੇ ਆਉਣ ’ਤੇ ਤੁਰੰਤ ਮੁਲਾਜ਼ਮ ਬੁਲਾਏ ਗਏ
ਤੇ ਲਾਸ਼ ਨੂੰ ਮਰੀਜ਼ ਦੇ ਬੈੱਡ ਤੋਂ ਚੁੱਕ ਕੇ ਮੁਰਦਾਘਰ ਭੇਜ ਦਿੱਤਾ ਗਿਆ। ਇਹ ਲਾਸ਼ ਇੱਕ ਅਣਪਛਾਤੇ ਬਜ਼ੁਰਗ ਦੀ ਸੀ ਜਿਸ ਨੂੰ ਮਾੜੀ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਸੀ।

ਉੱਧਰ ਜਦੋਂ ਸਿਹਤ ਅਫ਼ਸਰਾਂ ਨੂੰ ਹਸਪਤਾਲ ਦੀ ਇਸ ਅਣਗਹਿਲੀ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਪੱਤਰਕਾਰਾਂ ਦੇ ਫ਼ੋਨ ਦਾ ਜਵਾਬ ਦੇਣਾ ਬੰਦ ਕਰ ਦਿੱਤਾ। ਸੀਨੀਅਰ ਮੈਡੀਕਲ ਅਫ਼ਸਰਾਂ ਤੋਂ ਲੈ ਕੇ ਸਿਵਲ ਸਰਜਨਾਂ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ। ਐਮਰਜੈਂਸੀ ਵਿੱਚ ਡਿਊਟੀ ’ਤੇ ਮੌਜੂਦ ਮਹਿਲਾ ਡਾਕਟਰ ਨੇ ਕਿਹਾ ਕਿ ਉਸ ਨੂੰ ਇਸ ਬਾਰੇ ਕੁਝ ਪਤਾ ਨਹੀਂ ਹੈ। ਉਹ ਕੁਝ ਨਹੀਂ ਕਹੇਗੀ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿਹਤ ਕਰਮਚਾਰੀਆਂ ਦੀ ਇਹ ਡਿਊਟੀ ਸੀ ਕਿ ਉਹ ਗੰਭੀਰ ਹਾਲਤ ਵਿੱਚ ਦਾਖ਼ਲ ਮਰੀਜ਼ਾਂ ਦੀ ਨਿਯਮਿਤ ਤੌਰ ‘ਤੇ ਜਾਂਚ ਕਰਦੇ। ਪਰ ਇਸ ਦੇ ਬਾਵਜੂਦ ਕੋਈ ਜਾਂਚ ਕਰਨ ਨਹੀਂ ਆਇਆ। ਜਦੋਂ ਮੀਡੀਆ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਹ ਐਤਵਾਰ ਸਵੇਰੇ ਕਰੀਬ 11 ਵਜੇ ਹਸਪਤਾਲ ਪੁੱਜੇ। ਉਦੋਂ ਤਕ ਬਜ਼ੁਰਗ ਦੀ ਮੌਤ ਹੋ ਚੁੱਕੀ ਸੀ।

ਐਂਬੂਲੈਂਸ ਵਿੱਚ ਸਿਵਲ ਹਸਪਤਾਲ ਲਿਆਂਦਾ ਗਿਆ ਸੀ ਮ੍ਰਿਤਕ ਬਜ਼ੁਰਗ

ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਰਾਤ ਸਮੇਂ ਇੱਕ ਅਣਪਛਾਤੇ ਬਜ਼ੁਰਗ ਨੂੰ ਐਂਬੂਲੈਂਸ ਵਿੱਚ ਹਸਪਤਾਲ ਲਿਆਂਦਾ ਗਿਆ ਸੀ। ਇੱਥੇ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇੱਥੇ ਸੁਨੀਲ ਨਾਂ ਦਾ ਮਰੀਜ਼ ਵੀ ਦਾਖ਼ਲ ਹੈ। ਸਿਹਤ ਕਰਮਚਾਰੀਆਂ ਨੇ ਉਸ ਨੂੰ ਸੁਨੀਲ ਕੋਲ ਲੰਮੇ ਪਾਇਆ। ਕੁਝ ਘੰਟਿਆਂ ਬਾਅਦ ਬਜ਼ੁਰਗ ਦੀ ਮੌਤ ਹੋ ਗਈ। ਉਸ ਦੀ ਲਾਸ਼ ਤੇ ਸੁਨੀਲ ਸਾਰੀ ਰਾਤ ਇੱਕੋ ਬੈੱਡ ‘ਤੇ ਪਏ ਰਹੇ। ਮਰੀਜ਼ ਸੁਨੀਲ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਘਟਨਾ ਬਾਅਦ ਚੜ੍ਹਿਆ ਸਿਆਸੀ ਪਾਰਾ

ਹੁਣ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ‘ਵਰਲਡ ਕਲਾਸ’ ਸਿਹਤ ਸਹੂਲਤਾਂ ਦੇ ਚੋਣ ਵਾਅਦੇ ਨਾਲ ਪੰਜਾਬ ਵਿੱਚ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ (ਆਪ) ਨੂੰ ਨਿਸ਼ਾਨਾ ’ਤੇ ਲੈਣਾ ਸ਼ੁਰੂ ਕਰ ਦਿੱਤਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ X ’ਤੇ ਪੋਸਟ ਪਾ ਕੇ ਆਮ ਆਦਮੀ ਪਾਰਟੀ ਨੂੰ ਮਿਹਣੇ ਮਾਰੇ ਹਨ। ਲੋਕ ਸਭਾ ਚੋਣਾਂ ਸਿਰ ’ਤੇ ਹਨ ਤੇ ਅਜਿਹੇ ਸਮੇਂ ਇਹੋ ਜਿਹੇ ਮਾਮਲੇ ਸਿਆਸੀ ਗਲਿਆਰਿਆਂ ਵਿੱਚ ਤੂਲ ਫੜ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਾਸ਼ਨ ਵਿੱਚ ਸਰਕਾਰੀ ਹਸਪਤਾਲਾਂ ਦਾ ਇਹ ਕਿਹੋ ਜਿਹਾ ਵਿਕਾਸ ਹੈ।

ਇਸ ਮਾਮਲੇ ’ਤੇ DC ਦਾ ਬਿਆਨ ਆਇਆ ਹੈ। ਜਦੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਰਿਪੋਰਟ ਮੰਗੀ ਗਈ ਹੈ। ਜਿਸ ਕਿਸੇ ਦੀ ਵੀ ਲਾਪਰਵਾਹੀ ਕਰਕੇ ਇਹ ਘਟਨਾ ਵਾਪਰੀ ਹੈ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਤਾਜ਼ਾ ਖ਼ਬਰ – ਚੋਣ ਕਮਿਸ਼ਨ ਵੱਲੋਂ ਰਾਹੁਲ ਗਾਂਧੀ ਖਿਲਾਫ ਵੱਡਾ ਕਦਮ! ਹੈਲੀਕਾਪਟਰ ‘ਤੇ ਨਜ਼ਰ