ਖਾਲਸ ਬਿਊਰੋ:ਪਟਿਆਲਾ ਹਾਊਸ ਕੋਰਟ ਦੀ ਸੈਸ਼ਨ ਕੋਰਟ ਨੇ ਇੱਕ ਟਵੀਟ ਮਾਮਲੇ ਵਿੱਚ ਅਲਟ ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਨੂੰ ਜ਼ਮਾਨਤ ਦੇ ਦਿੱਤੀ ਹੈ ਤੇ ਨਾਲ ਹੀ ਇਹ ਵੀ ਕਿਹਾ ਹੈ ਮੁਹੰਮਦ ਜ਼ੁਬੈਰ ਅਦਾਲਤ ਦੀ ਅਗਾਊਂ ਇਜਾਜ਼ਤ ਤੋਂ ਬਿਨਾਂ ਦੇਸ਼ ਨਹੀਂ ਛੱਡ ਸਕਦਾ। ਉਸ ਨੂੰ 50,000 ਰੁਪਏ ਦੇ ਨਿੱਜੀ ਜ਼ਮਾਨਤ ਬਾਂਡ ‘ਤੇ ਜ਼ਮਾਨਤ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਪਟੀਸ਼ਨਕਰਤਾ ਨੂੰ ਇਹ ਪੁੱਛਿਆ ਕਿ ਕੁਲ ਕਿੰਨੇ ਲੋਕ ਇਸ ਟਵੀਟ ਦੇ ਪ੍ਰਭਾਵ ਹੇਠ ਆਏ ਹਨ ਤੇ ਕਿੰਨੇ ਲੋਕਾਂ ਦੇ ਬਿਆਨ ਇਸ ਸਬੰਧ ਵਿੱਚ ਰਿਕਾਰਡ ਕੀਤੇ ਗਏ ਹਨ।ਇਸ ਤੋਂ ਬਾਅਦ ਅਦਾਲਤ ਨੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਤੇ ਕੁਝ ਦੇਰ ਬਾਅਦ ਮੁਹੰਮਦ ਜ਼ੁਬੈਰ ਨੂੰ ਜ਼ਮਾਨਤ ਦੇ ਦਿੱਤੀ । ਆਲਟ ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਨਫ਼ਰਤ ਫੈਲਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ।