Punjab

4 ਮਹੀਨੇ ਬਾਅਦ ਹੜ੍ਹ ਨੇ ਕਿਸਾਨ ਦੀ ਲਈ ਜਾਨ !

ਬਿਉਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੜ ਪ੍ਰਭਾਵਿਤ ਕਿਸਾਨਾਂ ਦਾ ਮੁਆਵਜ਼ਾ ਸਮੇਂ ਸਿਰ ਦੇਣ ਦਾ ਦਾਅਵਾ ਕਰਦੇ ਹਨ ਪਰ ਹਕੀਕਤ ਕੁਝ ਹੋਰ ਹੈ । ਮੁਆਵਜ਼ਾ ਵਿੱਚ ਦੇਰੀ ਦੀ ਵਜ੍ਹਾ ਕਰਕੇ ਇੱਕ ਕਿਸਾਨ ਨੇ ਆਪਣੀ ਜੀਵਨ ਲੀਲਾ ਖਤਮ ਕਰ ਦਿੱਤੀ ਹੈ । ਕਿਸਾਨ ਪਟਿਆਲਾ ਦੇ ਪਿੰਡ ਧਰਮਹੇੜੀ ਦਾ ਰਹਿਣ ਵਾਲਾ ਸੀ । ਹੜ੍ਹ ਤੋਂ ਬਾਅਦ ਆਰਥਿਕ ਹਾਲਤ ਖਰਾਬ ਹੋ ਗਈ ਸੀ। ਹੜ੍ਹ ਵਿੱਚ ਪਸ਼ੂਆਂ ਅਤੇ ਫਸਲ ਦਾ ਕਾਫੀ ਨੁਕਸਾਨ ਹੋਇਆ ਸੀ । ਜਿਸ ਦੇ ਬਾਅਦ ਉਹ ਕਾਫੀ ਪਰੇਸ਼ਾਨ ਚੱਲ ਰਿਹਾ ਸੀ । ਬਲਬੀਰ ਸਿੰਘ ਨਾਂ ਦੇ 60 ਸਾਲ ਦੇ ਕਿਸਾਨ ਦੀ ਮ੍ਰਿਤਕ ਦੇਹ ਉਸ ਦੇ ਘਰ ਲੱਟਕੀ ਹੋਈ ਮਿਲੀ । ਜਿਸ ਦੀ ਜਾਣਕਾਰੀ ਪਰਿਵਾਰ ਨੇ ਪੁਲਿਸ ਨੂੰ ਦਿੱਤੀ ।

ਬਲਬੀਰ ਸਿੰਘ ਦੇ ਕੋਲ ਤਕਰੀਬਨ ਢਾਈ ਏਕੜ ਜ਼ਮੀਨ ਖੇਤੀ ਲਈ ਸੀ । ਹੜ੍ਹ ਦੇ ਦੌਰਾਨ ਫਸਲਾਂ ਦਾ ਨੁਕਸਾਨ ਹੋਣ ਦੇ ਬਾਅਦ ਉਹ ਮੁੜ ਫਸਲ ਨਹੀਂ ਬੀਜ ਸਕਿਆ ਸੀ । ਦੁੱਧ ਦੇਣ ਵਾਲੇ ਪਸ਼ੂ ਹੜ੍ਹ ਵਿੱਚ ਖਤਮ ਹੋ ਗਏ ਸਨ ਅਤੇ ਲੱਖਾਂ ਦਾ ਨੁਕਸਾਨ ਹੋਇਆ ਸੀ।
ਪਰਿਵਾਰ ਬਹੁਤ ਹੀ ਮਾੜੇ ਹਾਲਾਤਾਂ ਤੋਂ ਜੂਝ ਰਿਹਾ ਸੀ,ਪਰ ਕੋਈ ਹੱਲ ਨਹੀਂ ਨਿਕਲ ਰਿਹਾ ਸੀ । ਘਰ ਵਾਲਿਆਂ ਦਾ ਕਹਿਣਾ ਹੈ ਕਿ ਬਲਬੀਰ ਸਿੰਘ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤਣਾਅ ਤੋਂ ਗੁਜ਼ਰ ਰਿਹਾ ਸੀ ਕਿਉਂਕਿ ਉਹ ਕਰਜ਼ੇ ਦਾ ਪੈਸਾ ਨਹੀਂ ਚੁੱਕਾ ਪਾ ਰਿਹਾ ਸੀ ।

ਮੌਕੇ ‘ਤੇ ਕੋਈ ਚਿੱਠੀ ਨਹੀਂ ਮਿਲੀ

SHO ਕਰਨਵੀਰ ਸਿੰਘ ਸੰਧੂ ਨੇ ਦੱਸਿਆ ਕਿ ਰਾਮ ਨਗਰ ਪੁਲਿਸ ਚੌਕੀ ਵਿੱਚ ਕਿਸਾਨ ਦੀ ਮੌਤ ਦੇ ਬਾਅਦ ਧਾਰਾ 174 ਦੇ ਤਹਿਤ ਪੋਸਟ ਮਾਰਟਮ ਕਰਵਾਇਆ ਗਿਆ । ਮੌਕੇ ‘ਤੇ ਕੋਈ ਵੀ ਚਿੱਠੀ ਨਹੀਂ ਮਿਲੀ ਹੈ । ਜਿਸ ਵਜ੍ਹਾ ਨਾਲ ਕਰਜ਼ੇ ਦੀ ਰਕਮ ਦੇ ਬਾਰੇ ਪਤਾ ਨਹੀਂ ਲੱਗ ਸਕਿਆ ਹੈ। ਪਰਿਵਾਰ ਸਿਰਫ਼ ਆਰਥਿਕ ਤੰਗੀ ਦਾ ਜ਼ਿਕਰ ਕਰ ਰਿਹਾ ਹੈ।