Punjab

ਗੁਰਦੁਆਰਾ ਦੂਖ ਨਿਵਾਰਨ ‘ਚ ਸ਼ਰਾਬ ਪੀਣ ਵਾਲੀ ਮਹਿਲਾ ਦੀ ਹੋਈ ਪਛਾਣ ! ਪੁਲਿਸ ਨੇ ਕੀਤੇ 2 ਹੋਰ ਵੱਡੇ ਖੁਲਾਸੇ !

ਪਟਿਆਲਾ : ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿੱਚ ਸਰੋਵਰ ਦੇ ਨਜ਼ਦੀਕ ਸ਼ਰਾਬ ਪੀਣ ਵਾਲੀ ਮਹਿਲਾ ਦੀ ਪਛਾਣ ਹੋ ਗਈ ਹੈ । ਮਹਿਲਾ ਦੀ ਅਸਲੀ ਪਛਾਣ ਕੁਲਵਿੰਦਰ ਕੌਰ ਦੇ ਰੂਪ ਵਿੱਚ ਹੋਈ ਹੈ। ਉਸ ਨੇ ਪਿਛਲੇ 7 ਸਾਲਾਂ ਤੋਂ ਨਾਂ ਬਦਲਿਆ ਹੋਇਆ ਸੀ । ਉਸ ਦੇ ਪਿਤਾ ਦਾ ਨਾਂ ਜਗਰੂਰ ਸਿੰਘ ਦੱਸਿਆ ਜਾ ਰਿਹਾ ਹੈ ਅਤੇ ਉਹ ਅਸਮਾਨਪੁਰ ਦੀ ਰਹਿਣ ਵਾਲੀ ਸੀ । ਇਸ ਦੀ ਪੁਸ਼ਟੀ ਅਨਾਜ ਮੰਡੀ ਦੇ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੁਲਵਿੰਦਰ ਕੌਰ ਦੇ ਭਰਾ ਹਰਮੇਲ ਨੇ ਉਸ ਦੀ ਪਛਾਣ ਕੀਤੀ । ਕੁਲਵਿੰਦਰ ਦਾ ਪੋਸਟਮਾਰਟਮ ਕਰਕੇ ਸਸਕਾਰ ਵੀ ਕਰ ਦਿੱਤਾ ਗਿਆ ਹੈ।

ਕੁਲਵਿੰਦਰ ਨਾਂ ਬਦਲ ਕੇ ਰਹਿੰਦੀ ਸੀ

ਕੁਲਵਿੰਦਰ ਕੌਰ ਤਲਾਕਸ਼ੁਦਾ ਸੀ,ਉਸ ਦਾ ਵਿਆਹ ਸੰਗਰੂਰ ਦੇ ਮੁਨਸ਼ੀ ਵਾਲੇ ਇਲਾਕੇ ਦੇ ਰਹਿਣ ਵਾਲੇ ਇੱਕ ਸ਼ਖਸ ਨਾਲ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਤਲਾਕ ਤੋਂ ਬਾਅਦ ਕੁਲਵਿੰਦਰ ਵੱਖ ਰਹਿਣ ਲੱਗੀ। ਕੁਲਵਿੰਦਰ ਤਕਰੀਬਨ 7 ਸਾਲ ਪਹਿਲਾਂ ਅਰਬਨ ਸਟੇਟ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ,ਇਸੇ ਪਤੇ ‘ਤੇ ਉਸ ਨੇ ਪਰਵਿੰਦਰ ਕੌਰ ਦੇ ਨਾਂ ‘ਤੇ ਜਾਅਲੀ ਕਾਰਡ ਬਣਵਾਇਆ ਸੀ । ਕੁਝ ਦਿਨਾਂ ਤੋਂ ਉਹ ਜ਼ੀਰਕਪੁਰ ਵਿੱਚ ਇੱਕ ਸੈਲੂਨ ਵਿੱਚ ਕੰਮ ਕਰਦੀ ਸੀ । ਕੋਈ ਪੱਕਾ ਟਿਕਾਣਾ ਨਾ ਹੋਣ ਦੀ ਵਜ੍ਹਾ ਕਰਕੇ ਉਹ ਪਰਿਵਾਰ ਦੇ ਸੰਪਰਕ ਵਿੱਚ ਨਹੀਂ ਸੀ ।

ਸੋਮਵਾਰ ਸ਼ਾਮ ਨੂੰ ਅੰਤਿਮ ਸਸਕਾਰ

ਸੋਮਵਾਰ ਸ਼ਾਮ ਨੂੰ 32 ਸਾਲਾ ਕੁਲਵਿੰਦਰ ਕੌਰ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ । ਇਸ ਤੋਂ ਪਹਿਲਾਂ ਲਾਸ਼ ਦੀ ਸ਼ਨਾਖਤ ਵੀ ਕਰਵਾਈ ਗਈ ਸੀ, ਫਿਰ ਰਾਤ ਵੇਲੇ ਰਾਜਪੁਰਾ ਰੋਡ ‘ਤੇ ਮੌਜੂਦ ਸ਼ਮਸਾਨ ਘਾਟ ‘ਤੇ ਕੁੜੀ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਲੋਕਾਂ ਦੇ ਗੁੱਸੇ ਨੂੰ ਵੇਖ ਪੁਲਿਸ ਵੱਲੋਂ ਸਖਤ ਇੰਤਜ਼ਾਮ ਕੀਤੇ ਗਏ ਸਨ ।

ਇਹ ਹੈ ਪੂਰੀ ਘਟਨਾ

ਮਹਿਲਾ ਪਰਵਿੰਦਰ ਕੌਰ ਸਰੋਵਰ ਦੇ ਨਜ਼ਦੀਕ ਸ਼ਰਾਬ ਪੀ ਰਹੀ ਸੀ ਤਾਂ ਗੁਰਦੁਆਰੇ ਦੇ ਮੁਲਾਜ਼ਮ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਫਿਰ ਮਹਿਲਾ ਨੂੰ ਗੁਰਦੁਆਰੇ ਦੇ ਮੈਨੇਜਰ ਦੇ ਕਮਰੇ ਵਿੱਚ ਲਿਜਾਇਆ ਗਿਆ, ਪੁੱਛ-ਗਿੱਛ ਕਰਨ ਦੀ ਕੋਸ਼ਿਸ਼ ਕੀਤੀ ਗਈ। ਫਿਰ ਮਹਿਲਾ ਨੇ ਸ਼ਰਾਬ ਦੀ ਬੋਤਲ ਨਾਲ ਸੇਵਾਦਾਰ ‘ਤੇ ਹਮਲਾ ਕਰ ਦਿੱਤਾ। ਇਸੇ ਦੌਰਾਨ ਨਿਰਮਲਜੀਤ ਸਿੰਘ ਉੱਥੇ ਆਇਆ ਅਤੇ ਉਸ ਨੇ ਮਹਿਲਾ ‘ਤੇ ਫਾਇਰਿੰਗ ਕਰ ਦਿੱਤੀ। ਉਸ ਦੇ ਕੋਲ ਲਾਇਸੈਂਸੀ ਰਿਵਾਲਰ ਸੀ, ਜਿਸ ਦੇ ਨਾਲ ਉਸ ਨੇ 5 ਫਾਇਰ ਕੀਤੇ ਜਦਕਿ ਸੇਵਾਦਾਰ ਸਾਗਰ ਕੁਮਾਰ ਨੂੰ ਵੀ ਇੱਕ ਗੋਲੀ ਲੱਗੀ। ਮਹਿਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਸਾਗਰ ਨੂੰ ਰਜਿੰਦਰਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ । ਉਸ ਦੇ ਪੇਟ ਵਿੱਚ ਗੋਲੀ ਲੱਗੀ ਸੀ। ਗੋਲੀ ਮਾਰਨ ਵਾਲਾ ਨਿਰਮਲਜੀਤ ਸਿੰਘ ਨੂੰ 14 ਦਿਨਾਂ ਦੀ ਜੁਡੀਸ਼ਲ ਕਸਟਡੀ ਵਿੱਚ ਭੇਜ ਦਿੱਤਾ ਹੈ।