International Punjab

ਕੈਨੇਡਾ : ਸ਼ੱਕੀ ਹਾਲਤ ‘ਚ ਮਿਲੀ ਨੌਜਵਾਨ ਦੀ ਲਾਸ਼ ! ਪਰਿਵਾਰ ਦੇ ਹੋਸ਼ ਉੱਡੇ

ਬਿਉਰੋ ਰਿਪੋਰਟ : ਕੈਨੇਡਾ ਤੋਂ ਸ਼ੱਕੀ ਹਾਲਤ ਵਿੱਚ ਪੰਜਾਬੀ ਨੌਜਵਾਨ ਦੀ ਲਾਸ਼ ਮਿਲੀ ਹੈ । 27 ਸਾਲ ਦਾ ਚਰਨਜੀਤ ਸਿੰਘ ਪਟਿਆਲਾ ਦੇ ਹਲਕਾ ਘਨੌਰ ਦੇ ਪਿੰਡ ਸੇਹਰੀ ਦਾ ਰਹਿਣ ਵਾਲਾ ਹੈ । ਦੱਸਿਆ ਜਾ ਰਿਹਾ ਹੈ ਕਿ ਚਰਨਜੀਤ ਸਿੰਘ ਰਾਤ ਨੂੰ ਰੋਟੀ ਖਾ ਕੇ ਸੁੱਤਾ ਸੀ,ਪਰ ਸਵੇਰੇ ਉਹ ਨਹੀਂ ਉਠਿਆ ਜਦੋਂ ਉਸ ਦੇ ਕਮਰੇ ਵਿੱਚ ਜਾਕੇ ਵੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ । ਪਰਿਵਾਰ ਨੂੰ ਹੁਣ ਵੀ ਯਕੀਨ ਨਹੀਂ ਆ ਰਿਹਾ ਕਿ ਪੁੱਤਰ ਚਰਨਜੀਤ ਇਸ ਦੁਨੀਆ ਵਿੱਚ ਨਹੀਂ ਰਿਹਾ ਹੈ ।

ਚਰਨਜੀਤ ਸਾਢੇ 4 ਸਾਲ ਤੋਂ ਕੈਨੇਡਾ ਵਿੱਚ ਰਹਿੰਦਾ ਸੀ । ਇਸੇ ਸਾਲ ਹੀ ਉਹ ਕੈਨੇਡਾ ਤੋਂ ਘਰ ਆਇਆ ਸੀ ਅਤੇ ਸਵਾ ਮਹੀਨੇ ਪਹਿਲਾਂ ਹੀ ਉਹ 24 ਫਰਵਰੀ ਨੂੰ ਕੈਨੇਡਾ ਗਿਆ ਸੀ । ਚਰਨਜੀਤ ਸਿੰਘ ਦੀ ਅਚਾਨਕ ਮੌਤ ਦੇ ਪਿੱਛੇ ਕਾਰਨ ਕੀ ਹੈ ? ਇਸ ਨੂੰ ਲੈਕੇ ਕਈ ਸਵਾਲ ਖੜੇ ਹੋ ਰਹੇ ਹਨ । ਕੀ ਦਿਲ ਦਾ ਦੌਰਾ ਪੈਣ ਨਾਲ ਚਰਨਜੀਤ ਸਿੰਘ ਦੀ ਮੌਤ ਹੋਈ ? ਕੀ ਖਾਣੇ ਵਿੱਚ ਕੁਝ ਅਜਿਹੀ ਚੀਜ਼ ਸੀ ਜੋ ਉਸ ਦੀ ਮੌਤ ਦਾ ਕਾਰਨ ਬਣਿਆ ਹੋਏ ? ਕੀ ਪੰਜਾਬ ਤੋਂ ਪਰਤਨ ਬਾਅਦ ਚਰਨਜੀਤ ਸਿੰਘ ਦੀ ਜ਼ਿੰਦਗੀ ਵਿੱਚ ਕੁਝ ਅਜਿਹਾ ਹੋ ਰਿਹਾ ਸੀ ਜੋ ਉਸ ਨੂੰ ਪਰੇਸ਼ਾਨ ਕਰ ਰਿਹਾ ਸੀ । ਇਹ ਉਹ ਸਵਾਲ ਹਨ ਜੋ ਨੌਜਵਾਨ ਦੀ ਮੌਤ ਤੋਂ ਪਰਦਾ ਚੁੱਕ ਸਕਦੇ ਹਨ ।

ਪਰਿਵਾਰ ਵੀ ਚਰਨਜੀਤ ਸਿੰਘ ਦੀ ਮੌਤ ਨਾਲ ਜੁੜੇ ਸਾਰੇ ਸਵਾਲਾਂ ਦਾ ਜਵਾਬ ਚਾਹੁੰਦਾ ਹੈ । ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਚੰਗੀ ਸਿਹਤ ਵਾਲੇ ਪੁੱਤਰ ਨਾਲ ਅਜਿਹਾ ਕੀ ਹੋਇਆ ਕਿ ਰਾਤੋ-ਰਾਤ ਉਹ ਮੌਤ ਦੀ ਨੀਂਦ ਸੌ ਗਿਆ ।