ਕੱਲ੍ਹ SGPC ਤੇ ਸ੍ਰੀ ਅਕਾਲ ਤਖ਼ਤ ਦੀ ਸਖ਼ਤੀ ਦੇ ਬਾਵਜੂਦ ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਹੁਣ ਪਟਿਆਲਾ ਤੋਂ ਸਾਹਮਣੇ ਆਇਆ ਹੈ। ਹਲਕਾ ਘਨੌਰ ਦੇ ਪਿੰਡ ਸੰਜਰਪੁਰ ਵਿੱਚ ਪਿੰਡ ਦੇ ਹੀ ਇੱਕ ਵਿਅਕਤੀ ਨੇ ਗੁਟਕਾ ਸਾਹਿਬ ਦੇ ਅੰਗ ਪਾੜ ਦਿੱਤੇ ਤੇ ਫਿਰ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ, ਪਿੰਡ ਦੇ ਘਰਾਂ ਦੇ ਬਾਹਰ, ਤੇ ਨਾਲੀਆਂ ਵਿੱਚ ਸੁੱਟ ਦਿੱਤਾ।
ਇਹ ਘਟਨਾ CCTV ਵਿੱਚ ਵੀ ਕੈਦ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਘਨੌਰ ਦੇ SHO ਜਗਜੀਤ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ ਤੇ ਗੁਰੂ ਘਰ ਦੇ ਦੋਖੀ ਨੂੰ ਕਾਬੂ ਕਰ ਲਿਆ ਹੈ।
ਪਿੰਡ ਵਾਸੀਆਂ ਨੇ ਘਟਨਾ ਬਾਰੇ ਦੱਸਿਆ ਕਿ ਪਿੰਡ ਸੰਜਰਪੁਰ ਦੇ ਵਿੱਚ ਦੋ-ਢਾਈ ਵਜੇ ਦੇ ਕਰੀਬ ਪਿੰਡ ਦੇ ਹੀ ਨਰਿੰਦਰ ਸਿੰਘ (42 ਸਾਲ) ਨੇ ਗੁਟਕਾ ਸਾਹਿਬ, ਬਿਰਧ ਗੁਟਕਾ ਸਾਹਿਬ ਤੇ ਹਿੰਦੂ ਮੱਤ ਦੀਆਂ ਧਾਰਮਿਕ ਪੁਸਤਕਾਂ ਦੇ ਅੰਗਾਂ ਦੀ ਬੇਅਦਬੀ ਕਰਕੇ ਉਨ੍ਹਾਂ ਨੂੰ ਪਿੰਡ ਦੇ ਸਰਪੰਚ ਜੋਧ ਸਿੰਘ, ਤੇਜਿੰਦਰ ਸਿੰਘ ਦੇ ਡੰਗਰਾਂ ਵਾਲੇ ਘਰ, ਅਜੈਬ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਬਾਹਰ ਨਾਲੀਆਂ ਦੇ ਵਿੱਚ ਸੁੱਟ ਦਿੱਤਾ।
ਉਨ੍ਹਾਂ ਕਿਹਾ ਕਿ ਜਦੋਂ ਸਵਾ ਤਿੰਨ ਵਜੇ ਦੇ ਕਰੀਬ ਸੇਵਾਦਾਰ ਗੁਰਦੁਆਰਾ ਸਾਹਿਬ ਜਾ ਰਹੇ ਸਨ ਤਾਂ ਉਨ੍ਹਾਂ ਰਾਹ ਵਿੱਚ ਗੁਟਕਾ ਸਾਹਿਬ ਦੇ ਅੰਗ ਵੇਖੇ। ਜਿਨ੍ਹਾਂ ਨੂੰ ਇਕੱਠੇ ਕਰਕੇ ਸਤਿਕਾਰ ਨਾਲ ਗੁਰਦੁਆਰਾ ਸਾਹਿਬ ਲਿਆਂਦਾ ਗਿਆ। ਫਿਰ ਸਵੇਰੇ 7 ਵਜੇ ਸਿੱਖ ਸੰਗਤਾਂ ਨੇ ਇਕੱਠ ਕੀਤਾ।
ਇਸੇ ਦੌਰਾਨ ਪਿੰਡ ਵਾਸੀਆਂ ਮੁਲਜ਼ਮ ਨਰਿੰਦਰ ਸਿੰਘ ਨੂੰ ਲੱਭਣਾ ਸ਼ੁਰੂ ਕੀਤਾ ਜੋ ਦੱਸਿਆ ਜਾ ਰਿਹਾ ਹੈ ਕਿ ਅੱਗ ਦੀ ਧੂਣੀ ਬਾਲ ਕੇ ਸ਼ਮਸ਼ਾਨ ਘਾਟ ਬੈਠਾ ਹੋਇਆ ਸੀ। ਪਿੰਡ ਵਾਲਿਆਂ ਪੁਲਿਸ ਬੁਲਾਈ ਤੇ ਮੁਲਜ਼ਮ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ IPC ਦੀ ਧਾਰਾ 295 ਤਹਿਤ ਮਾਮਲਾ ਦਰਜ ਕਰ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।
ਦੱਸ ਦੇਈਏ ਬੀਤੇ ਕੱਲ੍ਹ ਮੁਕੇਰੀਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਨੂੰ ਲੈ ਕੇ SGPC ਨੇ ਸਖ਼ਤ ਸਟੈਂਡ ਲਿਆ ਹੈ। ਪ੍ਰਧਾਨ ਹਰਜਿੰਦਰ ਸਿੰਘ ਧਾਮੀ (Harjinder Singh Dhami) ਨੇ ਪੁਲਿਸ ਤੇ ਪ੍ਰਸ਼ਾਸਨ ਨੂੰ ਮੁਲਜ਼ਮਾਂ ਨੂੰ ਫੜਨ ਲਈ 2 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ।
ਉੱਧਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਹੁਸ਼ਿਆਰਪੁਰ ਦੇ ਪਿੰਡ ਪੋਤਾ ਚੀਮਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਦਾ ਨੋਟਿਸ ਲੈਂਦਿਆਂ ਸਮੂਹ ਗੁਰਦੁਆਰਾ ਪ੍ਰਬੰਧਕਾਂ, ਗ੍ਰੰਥੀ ਸਿੰਘਾਂ ਤੇ ਸੇਵਾਦਾਰਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਨੂੰ ਕਾਇਮ ਰੱਖਣ ਲਈ ਹਰੇਕ ਗੁਰਦੁਆਰਾ ਸਾਹਿਬ ਵਿੱਚ 24 ਘੰਟੇ ਪਹਿਰੇਦਾਰੀ ਦੇ ਪੁਖ਼ਤਾ ਪ੍ਰਬੰਧ ਕਰਨ ਦਾ ਆਦੇਸ਼ ਦਿੱਤਾ ਹੈ। ਉਨ੍ਹਾਂ ਤਾੜਨਾ ਕੀਤੀ ਹੈ ਕਿ ਭਵਿੱਖ ਵਿੱਚ ਬੇਅਦਬੀ ਵਰਗੀ ਮਾੜੀ ਘਟਨਾ ਲਈ ਗੁਰਦੁਆਰਾ ਪ੍ਰਬੰਧਕ ਤੇ ਗ੍ਰੰਥੀ ਸਿੰਘ ਵੀ ਜ਼ਿੰਮੇਵਾਰ ਹੋਣਗੇ ਤੇ ਸਿੱਖ ਰਵਾਇਤਾਂ ਅਨੁਸਾਰ ਸਖ਼ਤ ਧਾਰਮਿਕ ਸਜ਼ਾ ਦੇ ਹੱਕਦਾਰ ਹੋਣਗੇ।