ਪਟਿਆਲਾ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਤੇ ਮੁਹਾਲੀ ਦੇ ਮੰਨੇ-ਪ੍ਰਮੰਨੇ ਕਾਰੋਬਾਰੀ ਐਨ ਕੇ ਸ਼ਰਮਾ (NK Sharma) ਦੇ ਭਰਾ ਯਾਦਵਿੰਦਰ ਸ਼ਰਮਾ (Yadwinder Sharma) ਨੂੰ ਉਸ ਦੇ ਹੀ ਨੌਕਰ ਵੱਲੋਂ ਬਲੈਕਮੇਲ (Blackmail) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਕਰ ਦਾ ਨਾਮ ਸੂਰਜ ਕੁਮਾਰ ਦੱਸਿਆ ਗਿਆ ਹੈ ਅਤੇ ਉਹ ਯੂਪੀ ਦੇ ਗੋਂਡਾ ਦਾ ਰਹਿਣ ਵਾਲਾ ਹੈ। ਉਸ ਖ਼ਿਲਾਫ਼ ਥਾਣਾ ਜ਼ੀਰਕਪੁਰ ਦੀ ਪੁਲਿਸ ਨੇ ਜਬਰੀ ਵਸੂਲੀ ਦਾ ਕੇਸ ਦਰਜ ਕਰ ਲਿਆ ਹੈ। ਪੁਲਿਸ ਸੂਰਜ ਕੁਮਾਰ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਸੂਰਜ ਕੁਮਾਰ ਨੇ ਪਹਿਲਾਂ ਯਾਦਵਿੰਦਰ ਸ਼ਰਮਾ ਦੇ ਘਰ ਚੋਰੀ ਕੀਤੀ ਤੇ ਜਦੋਂ ਪਰਿਵਾਰ ਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਤਾਂ ਉਹ ਬਲੈਕਮੇਲ ਕਰਨ ਲੱਗ ਪਿਆ। ਉਸ ਨੇ ਯਾਦਵਿੰਦਰ ਸ਼ਰਮਾ ਦੇ ਪਰਿਵਾਰ ਤੋਂ 25 ਲੱਖ ਰੁਪਏ ਦੀ ਮੰਗ ਕੀਤੀ ਅਤੇ ਧਮਕੀ ਦਿੱਤੀ ਕਿ ਜੇ ਪੈਸੇ ਨਾ ਦਿੱਤੇ ਤਾਂ ਉਹ ਪਰਿਵਾਰ ਦੇ ਬੱਚਿਆਂ ਦੀਆਂ ਇਤਰਾਜ਼ਯੋਗ ਫੋਟੋਆਂ ਵਾਇਰਲ ਕਰ ਦੇਵੇਗਾ।
ਯਾਦਵਿੰਦਰ ਸ਼ਰਮਾ ਨੇ ਦੱਸਿਆ ਕਿ ਉਹ ਜ਼ੀਰਕਪੁਰ ਦਾ ਵਸਨੀਕ ਹੈ ਅਤੇ ਜ਼ੀਰਕਪੁਰ ਨਗਰ ਕੌਂਸਲ ਦੇ ਵਾਰਡ-22 ਦਾ ਕੌਂਸਲਰ ਹੈ। ਕਰੀਬ ਛੇ ਮਹੀਨੇ ਪਹਿਲਾਂ ਉਸ ਨੇ 23 ਸਾਲਾ ਸੂਰਜ ਕੁਮਾਰ ਨੂੰ ਸਾਫ਼-ਸਫ਼ਾਈ ਲਈ ਕੰਮ ’ਤੇ ਰੱਖਿਆ ਸੀ। ਇਸ ਦੌਰਾਨ ਸੂਰਜ ਨੇ ਉਨ੍ਹਾਂ ਦੇ ਘਰੋਂ ਸਾਮਾਨ ਚੋਰੀ ਕਰਨਾ ਸ਼ੁਰੂ ਕਰ ਦਿੱਤਾ।
ਪਹਿਲਾਂ ਤਾਂ ਪਰਿਵਾਰ ਨੂੰ ਇਸ ਬਾਰੇ ਪਤਾ ਨਹੀਂ ਲੱਗਾ ਪਰ ਜਦੋਂ ਚੋਰੀ ਦੀਆਂ ਘਟਨਾਵਾਂ ਵਧੀਆਂ ਤਾਂ ਪਰਿਵਾਰ ਨੇ ਇਸ ਵੱਲ ਧਿਆਨ ਦਿੱਤਾ। 21 ਅਪ੍ਰੈਲ ਨੂੰ ਉਨ੍ਹਾਂ ਨੂੰ ਪਤਾ ਲੱਗਾ ਕਿ ਸੂਰਜ ਇਹ ਸਾਰੀਆਂ ਚੋਰੀਆਂ ਕਰ ਰਿਹਾ ਹੈ ਤਾਂ ਉਹ ਉਸ ਨੂੰ ਜ਼ੀਰਕਪੁਰ ਥਾਣੇ ਲੈ ਗਏ। ਉਦੋਂ ਪੁਲਿਸ ਨੇ ਬਿਨਾਂ ਕੋਈ ਕਾਰਵਾਈ ਕੀਤੇ ਸੂਰਜ ਨੂੰ ਛੱਡ ਦਿੱਤਾ ਸੀ।
ਹੁਣ 23 ਅਪ੍ਰੈਲ ਨੂੰ ਦੁਪਹਿਰ 2 ਵਜੇ ਸੂਰਜ ਨੇ ਯਾਦਵਿੰਦਰ ਦੀ ਪਤਨੀ ਦੇ ਮੋਬਾਈਲ ਨੰਬਰ ‘ਤੇ ਵਾਇਸ ਮੈਸੇਜ ਭੇਜੇ। ਇਸ ਵਿੱਚ ਉਸ ਨੇ ਧਮਕੀ ਦਿੱਤੀ ਕਿ ਉਸ ਨੇ ਪਰਿਵਾਰ ਦੇ ਬੱਚਿਆਂ ਦੀਆਂ ਕੁਝ ਤਸਵੀਰਾਂ ਗ਼ਲਤ ਤਰੀਕੇ ਨਾਲ ਖਿੱਚ ਕੇ ਰੱਖੀਆਂ ਹਨ। ਜੇ ਉਸ ਨੂੰ ਪੈਸੇ ਨਾ ਦਿੱਤੇ ਤਾਂ ਉਹ ਫੋਟੋਆਂ ਵਾਇਰਲ ਕਰ ਦੇਵੇਗਾ। ਜਦੋਂ ਪਰਿਵਾਰ ਨੇ ਸੂਰਜ ਨੂੰ ਵਟਸਐਪ ‘ਤੇ ਫ਼ੋਨ ਕੀਤਾ ਤਾਂ ਉਸ ਨੇ 25 ਲੱਖ ਰੁਪਏ ਮੰਗੇ ਅਤੇ ਨਾ ਦੇਣ ‘ਤੇ ਫੋਟੋ ਵਾਇਰਲ ਕਰਨ ਦੀ ਧਮਕੀ ਦਿੱਤੀ।